Breaking
www.sursaanjh.com > ਅੰਤਰਰਾਸ਼ਟਰੀ > ਡਾ. ਨਰਿੰਦਰ ਨਿੰਦੀ ਦੀ ਰੰਗਮੰਚ ਬਾਰੇ ਪੁਸਤਕ “ਰੰਗਮੰਚ ਦਾ ਉੱਦਭਵ ਅਤੇ ਵਿਕਾਸ 1900 ਤੱਕ” ਦਾ ਲੋਕ-ਅਰਪਣ

ਡਾ. ਨਰਿੰਦਰ ਨਿੰਦੀ ਦੀ ਰੰਗਮੰਚ ਬਾਰੇ ਪੁਸਤਕ “ਰੰਗਮੰਚ ਦਾ ਉੱਦਭਵ ਅਤੇ ਵਿਕਾਸ 1900 ਤੱਕ” ਦਾ ਲੋਕ-ਅਰਪਣ

ਬੇਲਾ (ਸੁਰ ਸਾਂਝ ਡਾਟ ਕਾਮ ਬਿਊਰੋ), 27 ਅਪ੍ਰੈਲ:
ਪੰਜਾਬ ਆਰਟਸ ਇੰਟਰਨੈਸ਼ਨਲ ਚੰਡੀਗੜ੍ਹ (ਰਜਿ:) ਅਤੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ (ਰੋਪੜ) ਦੇ ਸਹਿਯੋਗ ਨਾਲ ਵਿਸ਼ਵ ਪੁਸਤਕ ਦਿਵਸ ਦੇ ਸ਼ੁਭ ਦਿਹਾੜੇ ਡਾ: ਨਰਿੰਦਰ ਨਿੰਦੀ ਦੀ ਆਲੋਚਨਾਤਮਕ ਪੁਸਤਕ “ਰੰਗਮੰਚ ਦਾ ਉੱਦਭਵ ਅਤੇ ਵਿਕਾਸ 1900 ਤੱਕ” ਦਾ ਲੋਕ-ਅਰਪਣ ਕੀਤਾ ਗਿਆ। ਲੋਕ-ਅਰਪਣ ਕਰਨ ਦੀ ਰਸਮ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਸ: ਦਵਿੰਦਰ ਸਿੰਘ ਜਟਾਣਾ, ਪ੍ਰਿੰਸੀਪਲ ਡਾ: ਸਤਵੰਤ ਕੌਰ ਸ਼ਾਹੀ, ਲੇਖਕ ਡਾ: ਨਰਿੰਦਰ ਨਿੰਦੀ, ਸ: ਗੁਰਦਰਸ਼ਨ ਸਿੰਘ ਮਾਵੀ, ਡਾ: ਸੰਦੀਪ ਕੌਰ, ਪ੍ਰਿੰਸੀਪਲ  ਬਹਾਦਰ ਸਿੰਘ ਗੋਸਲ ਅਤੇ ਇੰਜ: ਬਲਵਿੰਦਰ ਸਿੰਘ ਢਿਲੋਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਮਿਲ ਕੇ ਨਿਭਾਈ।
ਕਿਤਾਬ ਬਾਰੇ ਪਰਚਾ ਪੜ੍ਹਦਿਆਂ ਸ: ਗੁਰਦਰਸ਼ਨ ਸਿੰਘ ਮਾਵੀ ਨੇ ਇਸ ਨੂੰ ਇਕ ਵਿਲੱਖਣ ਕਾਰਜ ਕਿਹਾ। ਇਸ ਕਿਤਾਬ ਵਿਚੋਂ ਰੰਗਮੰਚ ਦੀ ਸ਼ੁਰੂਆਤ, ਇਸ ਦੇ ਬਦਲਦੇ ਸਰੂਪ, ਵਿਦੇਸ਼ੀ ਹਮਲਿਆਂ ਦਾ ਪੰਜਾਬੀ ਰੰਗਮੰਚ ਉਤੇ ਪ੍ਰਭਾਵ ਅਤੇ ਅੱਗੋਂ ਵਿਸਥਾਰ ਆਦਿ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਮਿਲਦੀ ਹੈ। ਸ: ਜਟਾਣਾ  ਨੇ ਕਿਹਾ ਕਿ ਰੰਗਮੰਚ ਖਾਸ ਕਰਕੇ ਨਾਟਕਾਂ ਦਾ ਸਮਾਜ ਉਤੇ ਬਹੁਤ ਗਹਿਰਾ ਅਤੇ ਸਿੱਧਾ ਪ੍ਰਭਾਵ ਪੈਂਦਾ ਹੈ। ਹਰ ਦੌਰ ਵਿਚ ਰੰਗਮੰਚ ਇਕ ਸ਼ਕਤੀਸ਼ਾਲੀ ਮਾਧਿਅਮ ਰਿਹਾ ਹੈ ਜੋ ਸਮਾਜਿਕ ਤਬਦੀਲੀ ਲਿਆਉਣ ਦੀ ਸਮਰਥਾ ਰੱਖਦਾ ਹੈ। ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਰੰਗਮੰਚ ਨਵੇਂ ਵਿਚਾਰਾਂ ਨੂੰ ਜਨਮ ਦਿੰਦਾ ਹੈ। ਰੰਗਮੰਚ ਸਥਾਨਕ ਭਾਸ਼ਾ ਅਤੇ ਸਭਿਆਚਾਰ ਨੂੰ ਸੰਭਾਲ ਕੇ ਰੱਖਦਾ ਹੈ। ਡਾ: ਨਿੰਦੀ ਨੇ ਦੱਸਿਆ ਕਿ ਉਸ ਨੂੰ ਬੈਲੇ, ਓਪੇਰਾ ਜਾਂ ਸਵਾਂਗ ਕਰਨ ਦੀ ਲਗਨ ਬੇਲੇ ਕਾਲਜ ਪੜ੍ਹਦੇ ਸਮੇਂ ਯੂਥ ਫੈਸਟੀਵਲ ਤੋਂ ਲੱਗੀ ਅਤੇ ਤਿੰਨ ਸਾਲ ਬੈਸਟ ਡਾਂਸਰ ਰਿਹਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪੜ੍ਹਨ ਵੇਲੇ ਡਾ. ਹਰਚਰਨ ਸਿੰਘ (ਨਾਟਕਕਾਰ) ਦੇ ਸੰਪਰਕ ਵਿਚ ਆਉਣ ਕਰਕੇ ਰੰਗਮੰਚ ਬਾਰੇ ਹੋਰ ਪਤਾ ਲੱਗਿਆ ਅਤੇ ਪੀ. ਐੱਚ ਡੀ ਕੀਤੀ। ਇਸ ਮੌਕੇ ਡਾ: ਸੁਰਜੀਤ ਕੌਰ, ਡਾ: ਹਰਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਰਬਜੀਤ ਕੌਰ, ਬਲਵਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਨੇ ਜੈ ਰਾਮ ਦੇ ਅਲਗੋਜਿਆਂ ‘ਤੇ ਗੀਤ ਸੁਣਾਏ। ਡਾ: ਨਿੰਦੀ, ਗੁਰਦਰਸ਼ਨ ਸਿੰਘ ਮਾਵੀ, ਬਹਾਦਰ ਸਿੰਘ ਗੋਸਲ ਅਤੇ ਹੋਰ ਪਤਵੰਤੇ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ। ਸਟੇਜ ਸੰਚਾਲਨ ਡਾ: ਸੰਦੀਪ ਕੌਰ ਨੇ ਬਾਖੂਬੀ ਕੀਤਾ।

Leave a Reply

Your email address will not be published. Required fields are marked *