“ਹਕੀਕਤ ਦੇ ਪਰਛਾਵੇਂ” ਕਹਾਣੀ ਸੰਗ੍ਰਹਿ ਲੋਕ ਅਰਪਣ ਤੇ ਕਵੀ ਦਰਬਾਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਅਪ੍ਰੈਲ:


ਬੀਤੇ ਦਿਨੀਂ ਕਵੀ ਮੰਚ (ਰਜਿ.) ਵੱਲੋਂ ਲੇਖਕ ਗੁਰਸ਼ਰਨ ਸਿੰਘ ਕਾਕਾ ਦਾ ਕਹਾਣੀ ਸੰਗ੍ਰਹਿ “ਹਕੀਕਤ ਦੇ ਪ੍ਰਛਾਂਵੇ” ਲੋਕ ਅਰਪਣ ਸਮਾਗਮ, ਆਰੀਆ ਸਮਾਜ ਮੰਦਰ ਮੋਹਾਲੀ ਵਿਖੇ ਰਚਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਤੇ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਪ੍ਰਧਾਨਗੀ ਕਰਦਿਆਂ ਸਭ ਨੂੰ ਜੀ ਆਇਆਂ ਨੂੰ ਆਖਿਆ ਗਿਆ। ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਦੇ ਪ੍ਰਧਾਨ ਤੇ ਸੂਫੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਬਤੌਰ ਮੁੱਖ ਮਹਿਮਾਨ, ਐਸੋਸੀਏਟ ਪ੍ਰੋ. ਜਸਬੀਰ ਕੌਰ ਬੈਂਸ ਬਤੌਰ ਵਿਸ਼ੇਸ਼ ਮਹਿਮਾਨ, ਕਹਾਣੀਕਾਰ ਗੁਰਸ਼ਰਨ ਸਿੰਘ ਕਾਕਾ ਤੇ ਉਹਨਾਂ ਦੀ ਸੁਪਤਨੀ ਬੀਬੀ ਰਜਿੰਦਰ ਕੌਰ ਪ੍ਰਧਾਨਗੀ ਮੰਡਲ ਦਾ ਵਿੱਚ ਸ਼ਾਮਿਲ ਹੋਏ। ਇਸ ਮੌਕੇ ਪ੍ਰਧਾਨਗੀ ਮੰਡਲ ਵੱਲੋਂ ਕਹਾਣੀ ਸੰਗ੍ਰਹਿ “ਹਕੀਕਤ ਦੇ ਪ੍ਰਛਾਂਵੇ” ਲੋਕ ਅਰਪਣ ਕੀਤੀ ਗਈ। ਅਵਤਾਰ ਸਿੰਘ ਖਾਲਸਾ ਵੱਲੋਂ ਲਿਖਿਆ ਗਿਆ ਪਰਚਾ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਸਟੇਜ ਸੱਕਤਰ ਵੱਲੋਂ ਪੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਲੇਖਕ ਦੀਆਂ ਕਹਾਣੀਆਂ ਦੇ ਵਿਸ਼ੇ ਤੇ ਕਥਾਨਕ ਵਾਕਿਆ ਹੀ ਹਕੀਕਤ ਦੇ ਪ੍ਰਛਾਵਿਆਂ ਦੀ ਅਸਲ ਬਾਤ ਪਾਉਂਦੇ ਪ੍ਰਤੀਤ ਹੁੰਦੇ ਹਨ। ਲੇਖਕ ਦੀਆਂ ਕਹਾਣੀਆਂ ਮਿਆਰੀ ਹਨ ਅਤੇ ਉਨ੍ਹਾਂ ਨੂੰ ਵਧੀਆ ਕਹਾਣੀਆਂ ਲਿਖਣ ਲਈ ਵਧਾਈ ਦਿੱਤੀ।
ਬਲਵਿੰਦਰ ਸਿੰਘ ਢਿੱਲੋਂ ਵੱਲੋਂ ਆਪਣੀ ਯਾਦ ਦੇ ਚੇਤੇ ਵਿੱਚੋਂ ਬਾਬੂ ਰਜ਼ਬ ਅਲੀ ਦੀਆਂ ਰਚਨਾਵਾਂ ਨਾਲ ਕਵੀ ਦਰਬਾਰ ਦੀ ਆਰੰਭਤਾ ਕੀਤੀ ਤੇ ਇਸ ਉਪਰੰਤ ਧਿਆਨ ਸਿੰਘ ਕਾਹਲੋਂ ਨੇ ਆਪਣੇ ਗੀਤ ਮਿੱਤਰ ਨੂੰ ਕੁਝ ਕਹਿ ਨਹੀਂ ਸਕਦੇ ਨਾਲ ਆਪਣੀ ਹਾਜ਼ਰੀ ਲੁਆਈ ਗਈ। ਗੀਤਕਾਰ ਰਣਜੋਧ ਸਿੰਘ ਰਾਣਾ, ਜਗਤਾਰ ਸਿੰਘ ਜੋਗ, ਸਰਬਜੀਤ ਸਿੰਘ ਪੱਡਾ, ਮਲਕੀਤ ਨਾਗਰਾ, ਬਲਕਾਰ ਸਿੱਧੂ, ਸੁਮਿਤਰ ਦੋਸਤ, ਗੁਰਸ਼ਰਨ ਸਿੰਘ ਕਾਕਾ, ਭੁਪਿੰਦਰ ਭਾਗੋਮਾਜਰਾ, ਮਹਿੰਗਾ ਸਿੰਘ ਕਲਸੀ, ਗੁਰਵਿੰਦਰ ਗੁਰੀ, ਜਸਪਾਲ ਸਿੰਘ ਦੇਸੂਵੀ, ਬਲਦੇਵ ਬਿੰਦਰਾ, ਪ੍ਰਿੰ. ਬਹਾਦਰ ਸਿੰਘ ਗੋਸਲ, ਡਾ ਮਨਜੀਤ ਸਿੰਘ ਮਝੈਲ, ਰਤਨ ਬਾਬਕਵਾਲਾ, ਖੁਸ਼ੀ ਰਾਮ ਨਿਮਾਣਾ, ਐੱਸ ਕੇ ਅਰੋੜਾ ਨੇ ਵੀ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮੁੱਚੇ ਪ੍ਰੋਗਰਾਮ ਨੂੰ ਜਸਪਾਲ ਸਿੰਘ ਦੇਸੂਵੀ, ਡਾ ਜਸਬੀਰ ਕੌਰ ਤੇ ਬੀਬੀ ਰਾਜਿੰਦਰ ਕੌਰ ਨੇ ਆਪੋ ਆਪਣੇ ਕੂੰਜੀਵਤ ਭਾਸ਼ਣ ਵਿੱਚ ਮਿਆਰੀ ਦੱਸਿਆ ਤੇ ਇਹੋ ਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਨਿਰੰਤਰ ਕਰਦੇ ਰਹਿਣ ਦੀ ਮੰਚ ਨੂੰ ਸਲਾਹ ਵੀ ਦਿੱਤੀ। ਰਾਜ ਕੁਮਾਰ ਸਾਹੋਵਾਲੀਆ ਵੱਲੋਂ ਮੰਚ ਸੰਚਾਲਨ ਦੇ ਨਾਲ ਨਾਲ ਆਪਣੀ ਚਰਚਿਤ ਰਚਨਾ “ਝੁੱਡੂ ਬੀਬਾ ਰਾਣਾ ” ਨਾਲ ਕਵੀ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਵਾਈ। ਮੰਚ ਵੱਲੋਂ ਜਸਪਾਲ ਸਿੰਘ ਦੇਸੂਵੀ, ਡਾ ਜਸਬੀਰ ਕੌਰ, ਗੁਰਸ਼ਰਨ ਕਾਕਾ, ਰਾਜ ਕੁਮਾਰ ਸਾਹੋਵਾਲੀਆ ਤੇ ਬੀਬੀ ਰਾਜਿੰਦਰ ਕੌਰ ਸਨਮਾਨ ਕੀਤਾ ਗਿਆ। ਮੰਗਤ ਰਾਏ ਕਪੂਰ, ਬਿਕਰਜੀਤ ਸਿੰਘ, ਕਮਲਜੀਤ ਸਿੰਘ, ਰੋਹਨ, ਸੁਰਿੰਦਰ ਪਾਲ ਵਰਮਾ ਤੇ ਹੋਰਾਂ ਵੱਲੋਂ ਲੰਮਾ ਸਮਾਂ ਹਾਜ਼ਰੀ ਭਰ ਕੇ ਸਮੁੱਚੇ ਪ੍ਰੋਗਰਾਮ ਦਾ ਆਨੰਦ ਮਾਣਿਆ। ਅੰਤ ਵਿੱਚ ਜਿੱਥੇ ਭਗਤ ਰਾਮ ਰੰਗਾੜਾ ਵੱਲੋਂ ਆਪਣੀਆਂ ਰਚਨਾਵਾਂ ਨਾਲ ਚੰਗਾ ਰੰਗ ਬੰਨ੍ਹਿਆ ਗਿਆ, ਉੱਥੇ ਉਹਨਾਂ ਆਏ ਹੋਏ ਸਾਹਿਤ ਕਾਰਾਂ ਦਾ ਮੰਚ ਨੂੰ ਸਹਿਯੋਗ ਦੇਣ ਬਦਲੇ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ।

