ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਪਿੰਡ ਬਾਲਦ ਕਲਾਂ ਦੇ ਸਕੂਲ ਦੀ ਲਾਇਬ੍ਰੇਰੀ ਲਈ ਪੁਸਤਕਾਂ ਭੇਟ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜੁਲਾਈ:


ਮੈਨੇਜਿੰਗ ਟਰੱਸਟੀ ਹਰਪਾਲ ਸਿੰਘ ਦੀ ਦੇਖ-ਰੇਖ ਵਿਚ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ, ਚੰਡੀਗੜ੍ਹ ਵੱਲੋਂ ਪੰਜਾਬ ਦੇ ਗਰੀਬ ਬੱਚਿਆਂ ਦੀ ਮੁਫਤ ਸਿੱਖਿਆ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੰਸਥਾ ਦੇ ਪ੍ਰਾਜੈਕਟ ਇੰਚਾਰਜ ਪ੍ਰਿੰ. ਬਹਾਦਰ ਸਿੰਘ ਗੋਸਲ, ਲੈਕਚਰਾਰ ਡਾ. ਜਗਦੀਪ ਸਿੰਘ, ਕੋਆਰਡੀਨੇਟਰ ਸੰਦੀਪ ਸਿੰਘ ਅਤੇ ਜਸਵਿੰਦਰ ਸਿੰਘ ਵੱਲੋਂ ਪਿੰਡ ਬਾਲਦ ਕਲਾਂ (ਸੰਗਰੂਰ) ਦੀ ਵਿਸ਼ੇਸ਼ ਫੇਰੀ ਦੌਰਾਨ ਉੱਥੋਂ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਅਤੇ ਸਮਾਰਟ ਹਾਈ ਸਕੂਲ ਵਿਖੇ ਅਧਿਆਪਕਾਂ ਨਾਲ ਵਿਸ਼ੇਸ਼ ਮਿਲਣੀ ਕੀਤੀ ਅਤੇ ਸੰਸਥਾ ਦੇ ਵੱਖ ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਅਧਿਆਪਕਾਂ ਨਾਲ ਪਿੰਡ ਵਿੱਚ ਨਵੋਦਿਆ ਸਕੂਲ ਟੈੱਸਟ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਸੈਂਟਰ ਖੋਲ੍ਹਣ ਲਈ ਵਿਚਾਰ ਵਟਾਂਦਰਾ ਹੋਇਆ।
ਇਸ ਮੌਕੇ ਪ੍ਰਿੰ. ਗੋਸਲ ਨੇ ਸਕੂਲ ਦੇ ਬੱਚਿਆਂ, ਹਾਜ਼ਰ ਅਧਿਆਪਕਾਂ ਕੁਲਵੰਤ ਸਿੰਘ, ਕਿਰਨਦੀਪ ਸਿੰਘ ਅਤੇ ਸਕੂਲ ਲਾਇਬਰੇਰੀ ਲਈ ਸਵੈ-ਰਚਿਤ ਪੁਸਤਕਾਂ ਮੁਫ਼ਤ ਦਿੱਤੀਆਂ। ਉਨ੍ਹਾਂ ਬੱਚਿਆਂ ਨੂੰ ਪੰਜਾਬੀ ਵਿਚ ਮਾਹਰ ਹੋਣ ਲਈ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਮੈਡਮ ਅਮਨਦੀਪ ਕੌਰ ਕੰਗ ਨੇ ਸੰਸਥਾ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਪ੍ਰਿੰ. ਗੋਸਲ ਵਲੋਂ ਬੱਚਿਆਂ ਅਤੇ ਸਕੂਲ ਲਾਇਬ੍ਰੇਰੀ ਲਈ ਮੁਫਤ ਪੁਸਤਕਾਂ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਸਕੂਲ ਦੇ ਅਧਿਆਪਕ ਅਤੇ ਬੱਚੇ ਇਨ੍ਹਾਂ ਪੁਸਤਕਾਂ ਤੋਂ ਵੱਧ ਤੋਂ ਵੱਧ ਲਾਭ ਉਠਾਉਣਗੇ।

