ਵੱਖ ਵੱਖ ਖੇਤਰ ਦੀਆਂ 21 ਸਿਰਮੌਰ ਸਖਸ਼ੀਅਤਾਂ “ਵਿਰਸੇ ਦੇ ਵਾਰਿਸ” ਐਵਾਰਡ ਨਾਲ ਸਨਮਾਨਿਤ – ਸੁੱਖੀ ਬਰਾੜ
ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵੱਲੋਂ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਪੰਜਾਬ ਦੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਮਾਂ ਬੋਲੀ, ਵਿਰਸੇ ਅਤੇ ਵਿਰਾਸਤ ਨਾਲ ਜੋੜਨ ਦੇ ਯਤਨ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੁਲਾਈ:


ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵੱਲੋਂ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਪੰਜਾਬ ਦੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ, ਮਾਂ ਬੋਲੀ, ਵਿਰਸੇ ਅਤੇ ਵਿਰਾਸਤ ਨਾਲ ਜੋੜਨ ਦੇ ਯਤਨ ਵਜੋਂ ਨਵੇਂ ਬੱਚਿਆਂ ਨੂੰ ਵਰਕਸ਼ਾਪਾਂ ਅਤੇ ਸੰਗੀਤਕ ਟ੍ਰੇਨਿੰਗ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅਕੈਡਮੀ ਦੀ ਚੇਅਰਪਰਸ਼ਨ ਡਾ. ਸੁਖਮਿੰਦਰ ਕੌਰ ਬਰਾੜ (ਸੁੱਖੀ ਬਰਾੜ) ਹਨ। ਪ੍ਰੋਗਰਾਮ ਦੀ ਸ਼ੁਰੂਆਤ ਮਨਦੀਪ ਸਿੰਘ ਬਰਾੜ ਵੱਲੋਂ ਸ਼ਮਾਂ ਰੌਸ਼ਨ ਕਰਕੇ ਰਸ਼ਮੀ ਤੌਰ ‘ਤੇ ਕੀਤੀ ਗਈ। ਮੰਚ ਉੱਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਨੇ ਆਪਣੇ ਸੱਭਿਅਕ ਬੋਲਾਂ ਅਤੇ ਪੰਜਾਬ ਨੂੰ ਸਮਰਪਿਤ ਸ਼ੇਅਰਾਂ ਨਾਲ ਕੀਤੀ। ਉਪਰੰਤ ਅਕੈਡਮੀ ਦੀ ਚੇਅਰਪਰਸਨ ਸੁੱਖੀ ਬਰਾੜ ਹੋਰਾਂ ਦੀ ਰਹਿਨੁਮਾਈ ਥੱਲੇ ਅਕੈਡਮੀ ਵੱਲੋਂ ਨਵੀਂ ਪੀੜ੍ਹੀ ਦੇ ਇਹਨਾਂ ਬੱਚਿਆਂ ਨੂੰ ਮਹੀਨਿਆਂ ਬੱਧੀ ਟ੍ਰੇਨਿੰਗ ਦੇ ਕੇ ਪੰਜਾਬੀ ਫੋਕ ਸੰਗੀਤ ਗਾਉਣ ਦੇ ਸਮਰੱਥ ਬਣਾਏ ਗਏ ਬੱਚਿਆਂ ਨੇ ਆਪੋ ਆਪਣੀ ਸੰਗੀਤਕ ਪ੍ਰਤੀਭਾ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ।
ਇਸ ਸਨਮਾਨ ਸਮਾਰੋਹ ਦੌਰਾਨ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਵਿਰਾਸਤ ਨੂੰ ਪ੍ਰਫ਼ੁੱਲਤ ਕਰਨ ਹਿੱਤ ਪੰਜਾਬੀ ਸੰਗੀਤ, ਫ਼ਿਲਮ, ਥੀਏਟਰ ਅਤੇ ਹੋਰ ਵੱਖ ਵੱਖ ਖੇਤਰਾਂ ਵਿੱਚ ਪਾਏ ਗਏ ਵੱਡਮੁਲੇ ਯੋਗਦਾਨ ਬਦਲੇ “ਵਿਰਸੇ ਦੇ ਵਾਰਿਸ” ਐਵਾਰਡ ਨਾਲ ਵੱਖ ਵੱਖ ਖੇਤਰ ਦੀਆਂ 21 ਸਿਰਮੌਰ ਸਖਸ਼ੀਅਤਾਂ ਪਦਮ ਸ਼੍ਰੀ ਜਨਾਬ ਹੰਸ ਰਾਜ ਹੰਸ, ਪਦਮ ਸ਼੍ਰੀ ਨਿਰਮਲ ਰਿਸ਼ੀ, ਡਾ. ਦੀਪਕ ਮਨਮੋਹਨ, ਜਨਾਬ ਮੁਹੰਮਦ ਸਦੀਕ, ਬੀਬੀ ਰਣਜੀਤ ਕੌਰ, ਬੀਬੀ ਜਤਿੰਦਰ ਕੌਰ, ਬੀ.ਐੱਨ ਸ਼ਰਮਾ, ਸੁਨੀਤਾ ਧੀਰ, ਸ਼ਵਿੰਦਰ ਮਾਹਲ, ਅਜਾਇਬ ਸਿੰਘ ਔਜਲਾ, ਡੌਲੀ ਗੁਲੇਰੀਆ, ਅਤੁੱਲ ਸ਼ਰਮਾ, ਬੀਬਾ ਅਮਰ ਨੂਰੀ, ਬੀਬਾ ਜਤਿੰਦਰ ਕੌਰ, ਬੀਬਾ ਗੁਰਪ੍ਰੀਤ ਭੰਗੂ, ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ), ਨੀਨਾ ਟਿਵਾਣਾ, ਮਲਕੀਤ ਰੌਣੀ, ਬੀਬਾ ਗੁਲਸ਼ਨ ਕੋਮਲ ਅਤੇ ਗੁਰਪ੍ਰੀਤ ਸਿੰਘ (ਘੁੱਗੀ) ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਸਤਨਾਮ ਪੰਜਾਬੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਪ੍ਰੋਗਰਾਮ ਦੀ ਖਾਸ਼ੀਅਤ ਇਹ ਰਹੀ ਕਿ ਸੰਗੀਤ ਨਾਟਕ ਅਕੈਡਮੀ ਦੇ ਵਿਹੜੇ ਪੇਂਡੂ ਸੱਭਿਆਚਾਰ ਦੀ ਤਸਵੀਰ ਇੱਕ ਪੇਂਡੂ ਵਿਹੜਾ ਵੀ ਤਿਆਰ ਕੀਤਾ ਗਿਆ, ਜਿਸ ਵਿੱਚ ਸਾਡੇ ਪੁਰਾਤਨ ਪੇਂਡੂ ਸੱਭਿਆਚਾਰ ਨਾਲ ਸੰਬੰਧਿਤ ਸਾਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਪੁਰਾਣੇ ਜ਼ਮਾਨੇ ਦੇ ਵਿਆਹਾਂ ਸਮੇਂ ਕੋਠਿਆਂ ‘ਤੇ ਮੰਜੇ ਜੋੜ ਕੇ ਵੱਜਣ ਵਾਲਾ ਸਪੀਕਰ ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਮਨੋਰੰਜਨ ਲਈ ਲਗਾਇਆ ਗਿਆ। ਸੰਗੀਤ ਨਾਟਕ ਅਕੈਡਮੀ ਦੇ ਸਾਰੇ ਵਿਹੜੇ ਨੂੰ ਸਾਡੇ ਵਿਰਸੇ ਅਤੇ ਵਿਰਾਸਤ ਦਿਆਂ ਵੱਖ ਵੱਖ ਵੰਨਗੀਆਂ ਨਾਲ ਬੜੇ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ। ਇਸ ਵਿਸ਼ਾਲ ਸਨਮਾਨ ਸਮਾਰੋਹ ਵਿੱਚ ਹੋਮ ਸੈਕਟਰੀ, ਚੰਡੀਗੜ੍ਹ ਪ੍ਰਸ਼ਾਸ਼ਨ ਮਨਦੀਪ ਸਿੰਘ ਬਰਾੜ, ਯੂ.ਟੀ ਅਤੇ ਡਾਇਰੈਕਟਰ ਕਲਚਰ ਵਿਭਾਗ ਨਵੀਨ ਜੀ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਪੰਜਾਬ ਦੇ ਸੰਗੀਤ, ਸਿਨੇਮਾ, ਰੰਗਮੰਚ, ਸਾਹਿਤ ਅਤੇ ਸੱਭਿਆਚਾਰ ਦੇ ਵੱਖ ਵੱਖ ਖੇਤਰ ਦੀਆਂ 21 ਮਹਾਨ ਸਖਸ਼ੀਅਤਾਂ ਨੂੰ ਸਨਮਾਨਿਤ ਕਰਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ।

