ਮੋਗਾ (ਸੁਰ ਸਾਂਝ ਡਾਟ ਕਾਮ ਬਿਊਰੋ), 27 ਅਪ੍ਰ਼ੈਲ:
ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਵਿੱਚ ਲਗਾਤਾਰ ਵਾਧੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ ਮੋਗਾ ਵੱਲੋਂ ਹੀਟ ਵੇਵ (ਲੂ) ਅਤੇ ਗਰਮੀ ਤੋਂ ਬਚਾਅ ਲਈ ਵਿਸਥਾਰਪੂਰਵਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਵਾਰ ਗਰਮੀ ਦੇ ਸ਼ੁਰੂਆਤੀ ਮੌਸਮ ਵਿੱਚ ਹੀ ਤਾਪਮਾਨ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪਹਿਲਾਂ ਤੋਂ ਹੀ ਚੌਕਸ ਰਹਿਣ ਦੀ ਲੋੜ ਹੈ। ਸਿਵਲ ਸਰਜਨ ਮੋਗਾ ਡਾਕਟਰ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਗਗਨਦੀਪ ਸਿੰਘ ਸਿੱਧੂ ਐੱਸ ਐਮ ਓ ਡਰੋਲੀ ਭਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋ ਜਾਂਦਾ ਹੈ, ਤਾਂ ਇਸ ਨੂੰ ਹੀਟ ਵੇਵ ਦੀ ਸਥਿਤੀ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤਰਣ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਗਰਮੀ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ, ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਲੂ ਚਲਣ ਦੀ ਸੰਭਾਵਨਾ ਵੱਧ ਰਹਿੰਦੀ ਹੈ, ਇਸ ਲਈ ਆਮ ਲੋਕਾਂ ਦੇ ਨਾਲ-ਨਾਲ ਸੰਵੇਦਨਸ਼ੀਲ ਵਰਗਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਐੱਸ ਐਮ ਓ ਨੇ ਦੱਸਿਆ ਕਿ ਲੂ ਲੱਗਣ ਦੇ ਲੱਛਣਾਂ ਵਿੱਚ ਸਰੀਰ ਦਾ ਤਾਪਮਾਨ 40°C ਤੋਂ ਵੱਧ ਹੋਣਾ, ਚੱਕਰ ਆਉਣਾ, ਬੇਹੋਸ਼ੀ ਜਾਂ ਭ੍ਰਮ ਦੀ ਸਥਿਤੀ, ਚਮੜੀ ਦਾ ਖੁਸ਼ਕ ਅਤੇ ਲਾਲ ਹੋਣਾ, ਤੇਜ਼ ਸਿਰ ਦਰਦ, ਉਲਟੀ ਆਉਣਾ, ਦਿਲ ਦੀ ਧੜਕਨ ਤੇਜ਼ ਹੋਣਾ, ਸਾਹ ਲੈਣ ਵਿੱਚ ਦਿੱਕਤ ਅਤੇ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਵਰਗੇ ਲੱਛਣ ਸ਼ਾਮਿਲ ਹਨ। ਅਜਿਹੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।


ਓਹਨਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ਵਿੱਚ ਮਰੀਜ਼ ਨੂੰ ਤੁਰੰਤ ਠੰਡੀ ਜਗ੍ਹਾ ’ਤੇ ਲਿਜਾਇਆ ਜਾਵੇ, ਕੱਪੜੇ ਢਿੱਲੇ ਕੀਤੇ ਜਾਣ, ਸਰੀਰ ’ਤੇ ਬਰਫ ਜਾਂ ਆਈਸ ਪੈਕ ਰੱਖੇ ਜਾਣ ਅਤੇ ਬਿਨਾਂ ਦੇਰੀ ਕੀਤੇ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਜਾਵੇ। ਜੇਕਰ ਸੰਭਵ ਹੋਵੇ ਤਾਂ ਮਰੀਜ਼ ਨੂੰ ਵਾਤਾਨੂਕੁਲਿਤ ਵਾਹਨ ਵਿੱਚ ਹੀ ਹਸਪਤਾਲ ਲਿਜਾਇਆ ਜਾਵੇ, ਕਿਉਂਕਿ ਇਲਾਜ ਵਿੱਚ ਦੇਰੀ ਹੋਣ ਨਾਲ ਸਥਿਤੀ ਜੋਖਿਮ ਭਰੀ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਲੂ ਤੋਂ ਬਚਾਅ ਲਈ ਸ਼ਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿੱਤੀ ਜਾਵੇ। ਗਰਮੀ ਦੇ ਮੌਸਮ ਵਿੱਚ ਪਾਣੀ ਉਚਿਤ ਮਾਤਰਾ ਵਿੱਚ ਪੀਓ ਅਤੇ ਪਿਆਸ ਨਾ ਲੱਗਣ ’ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਂਦੇ ਰਹੋ। ਮਿੱਠੇ ਅਤੇ ਨਮਕ ਸਮੇਤ ਨਿੰਬੂ ਪਾਣੀ, ਲੱਸੀ, ਓ.ਆਰ.ਐਸ, ਨਾਰੀਅਲ ਪਾਣੀ ਅਤੇ ਹੋਰ ਤਰਲ ਪਦਾਰਥ ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ ਬਣਾਈ ਰੱਖਣ ਵਿੱਚ ਮਦਦਗਾਰ ਹਨ।
ਇਨ੍ਹਾਂ ਲੋਕਾਂ ਨੂੰ ਵੱਧ ਖਤਰਾ: ਨਵਜਾਤ ਅਤੇ ਛੋਟੇ ਬੱਚੇ, ਗਰਭਵਤੀ ਮਹਿਲਾਵਾਂ, 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਮਜ਼ਦੂਰ, ਖਿਡਾਰੀ, ਮੋਟਾਪੇ ਨਾਲ ਪੀੜਤ ਵਿਅਕਤੀ, ਮਾਨਸਿਕ ਰੋਗੀ ਅਤੇ ਦਿਲ, ਹਾਈ ਬਲੱਡ ਪ੍ਰੈਸ਼ਰ, ਅਨਿਯੰਤ੍ਰਿਤ ਸ਼ੂਗਰ, ਕਿਡਨੀ ਜਾਂ ਲੀਵਰ ਦੀ ਬਿਮਾਰੀ ਨਾਲ ਪੀੜਤ ਮਰੀਜ਼ ਲੂ ਦੇ ਵੱਧ ਖਤਰੇ ਵਿੱਚ ਰਹਿੰਦੇ ਹਨ। ਜਿਆਦਾ ਸ਼ਰਾਬ ਪੀਣ ਵਾਲੇ ਅਤੇ ਧੁੱਪ ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ।
ਕੀ ਨਾ ਕਰੋ: ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਧੁੱਪ ਵਿੱਚ ਬਾਹਰ ਜਾਣ ਤੋਂ ਬਚੋ, ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਸਮੇਂ ਬਾਹਰ ਨਾ ਲਿਜਾਓ।
• ਬਹੁਤ ਜ਼ਿਆਦਾ ਗਰਮੀ ਦੇ ਸਮੇਂ ਰਸੋਈ ਵਿੱਚ ਲੰਬੇ ਸਮੇਂ ਤੱਕ ਖਾਣਾ ਬਣਾਉਣ ਤੋਂ ਬਚੋ ਅਤੇ ਰਸੋਈ ਵਿੱਚ ਹਵਾ ਆਉਣ-ਜਾਣ ਦੀ ਵਧੀਆ ਵਿਵਸਥਾ ਰੱਖੋ।
• ਸ਼ਰਾਬ, ਚਾਹ, ਕਾਫੀ, ਕਾਰਬੋਨੇਟਿਡ ਅਤੇ ਬਹੁਤ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਵੱਧ ਸੇਵਨ ਨਾ ਕਰੋ, ਕਿਉਂਕਿ ਇਹ ਸਰੀਰ ਵਿੱਚ ਪਾਣੀ ਦੀ ਕਮੀ ਕਰ ਸਕਦੇ ਹਨ।
• ਤਲਿਆ-ਭੁੰਨਿਆ, ਬਾਸੀ ਅਤੇ ਖੁੱਲ੍ਹਾ ਭੋਜਨ ਨਾ ਖਾਓ, ਕਿਉਂਕਿ ਗਰਮੀ ਵਿੱਚ ਇਹ ਜਲਦੀ ਖਰਾਬ ਹੋ ਸਕਦਾ ਹੈ।
• ਬੱਚਿਆਂ, ਬਜ਼ੁਰਗਾਂ ਜਾਂ ਪਾਲਤੂ ਜਾਨਵਰਾਂ ਨੂੰ ਬੰਦ ਖੜ੍ਹੀ ਗੱਡੀ ਵਿੱਚ ਕਦੇ ਵੀ ਨਾ ਛੱਡੋ।
• ਠੰਡੇ ਥਾਂ ਤੋਂ ਇਕਦਮ ਤੇਜ਼ ਗਰਮੀ ਵਿੱਚ ਨਾ ਨਿਕਲੋ ਅਤੇ ਬਹੁਤ ਠੰਡਾ ਪਾਣੀ ਇਕਦਮ ਨਾ ਪੀਓ।
• ਲੰਬੇ ਸਮੇਂ ਤੱਕ ਸਿੱਧੀ ਧੁੱਪ ਵਿੱਚ ਖੜ੍ਹੇ ਰਹਿਣ ਜਾਂ ਕੰਮ ਕਰਨ ਤੋਂ ਬਚੋ।
• ਭਾਰੀ ਅਤੇ ਤੰਗ ਕੱਪੜੇ ਪਹਿਨਣ ਤੋਂ ਬਚੋ, ਕਿਉਂਕਿ ਇਹ ਪਸੀਨਾ ਸੁੱਕਣ ਨਹੀਂ ਦਿੰਦੇ।
• ਨੰਗੇ ਪੈਰੀਂ ਗਰਮ ਜ਼ਮੀਨ ’ਤੇ ਨਾ ਚਲੋ।
• ਖਾਲੀ ਪੇਟ ਲੰਬੇ ਸਮੇਂ ਤੱਕ ਧੁੱਪ ਵਿੱਚ ਨਾ ਰਹੋ।
ਕੀ ਕਰੋ: ਸਵੇਰੇ ਅਤੇ ਸ਼ਾਮ ਦੇ ਠੰਡੇ ਸਮੇਂ ਵਿੱਚ ਹੀ ਬਾਹਰ ਦੇ ਕੰਮ ਕਰਨ ਦੀ ਯੋਜਨਾ ਬਣਾਓ।
• ਪਿਆਸ ਨਾ ਲੱਗਣ ’ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਜਾਂ ਹੋਰ ਤਰਲ ਪਦਾਰਥ ਪੀਂਦੇ ਰਹੋ।
• ਹਲਕੇ ਰੰਗ ਦੇ ਸੁਤੀ ਅਤੇ ਢਿੱਲੇ ਕੱਪੜੇ ਪਹਿਨੋ, ਜੋ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ।
• ਸਿਰ ਨੂੰ ਕਪੜੇ, ਟੋਪੀ, ਛੱਤਰੀ, ਤੌਲੀਆ, ਪੱਗ ਜਾਂ ਦੁਪੱਟੇ ਨਾਲ ਢੱਕ ਕੇ ਰੱਖੋ, ਤਾਂ ਜੋ ਸਿੱਧੀ ਧੁੱਪ ਤੋਂ ਬਚਿਆ ਜਾ ਸਕੇ।
• ਬਾਹਰ ਜਾਂਦੇ ਸਮੇਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ ਅਤੇ ਸਮੇਂ-ਸਮੇਂ ’ਤੇ ਪਾਣੀ ਪੀਂਦੇ ਰਹੋ।
• ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ਛਾਛ ਅਤੇ ਓ.ਆਰ.ਐਸ ਵਰਗੇ ਤਰਲ ਪਦਾਰਥਾਂ ਦਾ ਸੇਵਨ ਵਧਾਓ।
• ਤਰਬੂਜ, ਸੰਤਰਾ, ਅੰਗੂਰ, ਖੀਰਾ, ਟਮਾਟਰ ਅਤੇ ਹੋਰ ਮੌਸਮੀ ਫਲ ਅਤੇ ਸਬਜ਼ੀਆਂ ਵੱਧ ਖਾਓ, ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
• ਧੁੱਪ ਵਿੱਚ ਕੰਮ ਕਰਦੇ ਸਮੇਂ ਵਿਚਕਾਰ-ਵਿਚਕਾਰ ਛਾਂ ਵਿੱਚ ਆਰਾਮ ਕਰੋ ਅਤੇ ਸਰੀਰ ਨੂੰ ਠੰਡਾ ਰੱਖੋ।
• ਧੁੱਪ ਵਿੱਚ ਨਿਕਲਦੇ ਸਮੇਂ ਸਨਸਕਰੀਨ ਅਤੇ ਗੂੜ੍ਹੇ ਰੰਗ ਦੇ ਚਸ਼ਮੇ ਦੀ ਵਰਤੋਂ ਕਰੋ।
• ਘਰਾਂ ਅਤੇ ਕੰਮ ਵਾਲੀਆਂ ਥਾਵਾਂ ’ਤੇ ਠੰਡਕ ਬਣਾਈ ਰੱਖਣ ਲਈ ਪੱਖੇ, ਕੂਲਰ ਜਾਂ ਹਵਾ ਦੇ ਆਵਾਗਮਨ ਦੀ ਸਹੀ ਵਿਵਸਥਾ ਰੱਖੋ।
• ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹਲਕਾ ਅਤੇ ਪੌਸ਼ਟਿਕ ਭੋਜਨ ਕਰੋ।
• ਜੇਕਰ ਬਾਹਰ ਕੰਮ ਕਰਨਾ ਲਾਜ਼ਮੀ ਹੋਵੇ, ਤਾਂ ਵਿਚਕਾਰ ਪਾਣੀ ਪੀ ਕੇ ਅਤੇ ਛਾਂ ਵਿੱਚ ਆਰਾਮ ਕਰਕੇ ਕੰਮ ਕਰੋ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਾਰੀ ਕੀਤੀ ਗਈ ਐਡਵਾਇਜ਼ਰੀ ਦੀ ਪਾਲਣਾ ਕੀਤੀ ਜਾਵੇ ਅਤੇ ਆਪਣੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਲੂ ਤੋਂ ਸੁਰੱਖਿਅਤ ਰੱਖਿਆ ਜਾਵੇ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਗੰਭੀਰ ਲੱਛਣ ਦਿਖਾਈ ਦੇਣ ’ਤੇ ਬਿਨਾਂ ਦੇਰੀ ਕੀਤੇ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।

