ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਈ:
ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਹੱਕਾਂ ਦੀ ਰੱਖਿਆ ਲਈ ਰਾਜਸੀ ਜਥੇਬੰਦੀ ਮਿਸਲ ਸਤਲੁਜ ਪੰਜਾਬ ਵਿੱਚ ਇੱਕ ਮਜ਼ਬੂਤ, ਸਿਧਾਂਤਕ ਅਤੇ ਬਦਲਵੀਂ ਰਾਜਨੀਤਿਕ ਧਾਰਾ ਵਜੋਂ ਤੇਜ਼ੀ ਨਾਲ ਆਪਣੀ ਪਛਾਣ ਬਣਾ ਰਹੀ ਹੈ। ਜਥੇਬੰਦੀ ਦਾ ਪ੍ਰਮੁੱਖ ਮੰਤਵ ਪੰਜਾਬ ਨੂੰ ਮੁੜ ਤਰੱਕੀ, ਖੁਸ਼ਹਾਲੀ ਅਤੇ ਆਤਮ-ਸਨਮਾਨ ਦੇ ਰਾਹ ‘ਤੇ ਲਿਆਉਣਾ ਹੈ, ਤਾਂ ਜੋ ਸੂਬੇ ਦੇ ਹੱਕਾਂ ਦੀ ਸੰਵਿਧਾਨਕ ਅਤੇ ਲੋਕਤਾਂਤਰਿਕ ਢੰਗ ਨਾਲ ਮਜ਼ਬੂਤ ਸੁਰੱਖਿਆ ਯਕੀਨੀ ਬਣਾਈ ਜਾ ਸਕੇ।


ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸਲ ਸਤਲੁਜ ਵੱਲੋਂ 3 ਮਈ ਨੂੰ ਜ਼ਿਲ੍ਹਾ ਮੋਹਾਲੀ ਦੇ ਖਰੜ ਹਲਕੇ ਵਿੱਚ ਸਥਿਤ ਫਤਿਹਗੜ ਪੈਲਸ, ਕੁਰਾਲੀ ਵਿਖੇ ਇੱਕ ਵਿਸ਼ਾਲ ਅਤੇ ਇਤਿਹਾਸਕ “ਚੜ੍ਹਦੀ ਕਲਾ ਰੈਲੀ” ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਚੜ੍ਹਦੀ ਕਲਾ ਰੈਲੀ ਪੰਜਾਬ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲਾ ਇੱਕ ਮੀਲ ਪੱਥਰ ਸਾਬਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਰੈਲੀ ਦਾ ਮੁੱਖ ਉਦੇਸ਼ ਪੰਜਾਬ ਨੂੰ ਮੁੜ ਤੋਂ ਪਹਿਲੇ ਨੰਬਰ ਦਾ ਸੂਬਾ ਬਣਾਉਣ ਲਈ ਵਿਆਪਕ ਲੋਕ-ਚਰਚਾ ਸ਼ੁਰੂ ਕਰਨਾ, ਔਰਤਾਂ ਦੇ ਸਸ਼ਕਤੀਕਰਨ ਨੂੰ ਮਜ਼ਬੂਤੀ ਦੇਣਾ, ਪੰਜਾਬ ਦੀਆਂ ਹੱਕੀ ਮੰਗਾਂ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਅਤੇ ਮੌਜੂਦਾ ਸਰਕਾਰ ਦੀਆਂ ਨਾਕਾਮ ਨੀਤੀਆਂ ਨੂੰ ਜਨਤਾ ਦੇ ਸਾਹਮਣੇ ਬੇਨਕਾਬ ਕਰਨਾ ਹੈ। ਸਰਦਾਰ ਬਰਾੜ ਨੇ ਕਿਹਾ ਕਿ “ਚੜ੍ਹਦੀ ਕਲਾ ਰੈਲੀ” ਦੀ ਤਿਆਰੀਆਂ ਜ਼ੋਰ-ਸ਼ੋਰ ਨਾਲ ਜਾਰੀ ਹਨ ਅਤੇ ਮਿਸਲ ਸਤਲੁਜ ਦੇ ਮੈਂਬਰ ਇਸਨੂੰ ਕਾਮਯਾਬ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜਥੇਬੰਦੀ ਵੱਲੋਂ ਚਲਾਈ ਜਾ ਰਹੀ “ਪੂਰਾ ਪੰਜਾਬ ਲਹਿਰ” ਦੇ ਤਹਿਤ ਦਸਤਖ਼ਤ ਪਟੀਸ਼ਨ ਮੁਹਿੰਮ ਨੂੰ ਵੀ ਲੋਕਾਂ ਵੱਲੋਂ ਬੇਹੱਦ ਉਤਸ਼ਾਹਪੂਰਵਕ ਸਹਿਯੋਗ ਮਿਲ ਰਿਹਾ ਹੈ, ਜੋ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਪੰਜਾਬ ਦੇ ਲੋਕ ਪਰਿਵਰਤਨ ਲਈ ਤਿਆਰ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ ਲਿਖੇਗੀ ਅਤੇ ਲੋਕਾਂ ਨੂੰ ਆਪਣੇ ਹੱਕਾਂ ਲਈ ਇਕੱਠੇ ਹੋਣ ਦੀ ਪ੍ਰੇਰਣਾ ਦੇਵੇਗੀ।

