ਡਾ. ਮੇਹਰ ਮਾਣਕ ਦੀ ਪੁਸਤਕ “ਪੰਜਾਬ ਪੇਚੀਦਾ ਸਥਿਤੀ ਤੇ ਚੁਣੌਤੀਆਂ” ਲੋਕ-ਅਰਪਣ ਕੀਤੀ ਗਈ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਮਈ:


ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਅੱਜ ਵਿਸ਼ੇਸ਼ ਇਕੱਤਰਤਾ ਵਿਚ ਡਾ. ਮੇਹਰ ਮਾਣਕ ਦੀ ਪੰਜਾਬ ਬਾਰੇ ਪੁਸਤਕ “ਪੰਜਾਬ, ਪੇਚੀਦਾ ਸਥਿਤੀ ਤੇ ਚੁਣੌਤੀਆਂ” ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਲੋਕ-ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ: ਡਾ. ਲਖਵਿੰਦਰ ਗਿੱਲ, ਪ੍ਰਸਿੱਧ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਡਾ. ਮੇਹਰ ਮਾਣਕ ਅਤੇ ਗੁਰਦਰਸ਼ਨ ਸਿੰਘ ਮਾਵੀ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵੱਲੋਂ ਇਸ ਪੁਸਤਕ ਨੂੰ ਲੋਕ-ਅਰਪਣ ਕੀਤਾ ਗਿਆ।
ਪਰਚਾ ਪੜ੍ਹਦਿਆਂ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਇਹ ਕਿਤਾਬ ਇਤਿਹਾਸਕ ਦਸਤਾਵੇਜ਼ ਬਣੇਗੀ। ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਨੇ ਥੋੜ੍ਹੇ ਸਮੇਂ ਲਈ ਖੁਸ਼ਹਾਲੀ ਲਿਆਂਦੀ ਪਰ ਹੁਣ ਕਈ ਸਮਸਿਆਵਾਂ ਪੈਦਾ ਹੋ ਰਹੀਆਂ ਹਨ। ਪਾਣੀ ਦਾ ਸੰਕਟ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਪ੍ਰਿੰ. ਸਤਨਾਮ ਸਿੰਘ ਸ਼ੋਕਰ ਨੇ ਕਿਹਾ ਕਿ ਖੇਤੀਬਾੜੀ ਹੁਣ ਲਾਹੇਵੰਦ ਨਹੀਂ ਰਹੀ। ਵਾਤਾਵਰਣ ਪਲੀਤ ਹੋ ਰਿਹਾ ਹੈ। ਦੀਪਕ ਸ਼ਰਮਾ ਚਨਾਰਥਲ ਨੇ ਵੇਰਵੇ ਸਹਿਤ ਦੱਸਿਆ ਕਿ ਸਿਆਸੀ ਨੇਤਾ ਕੁਰਸੀ ਦੀ ਫਿਕਰ ਕਰਦੇ ਹਨ, ਲੋਕਾਂ ਦੇ ਭਲੇ ਲਈ ਕੋਈ ਨਹੀਂ ਸੋਚਦਾ। ਭੁਪਿੰਦਰ ਮਲਿਕ, ਪਰਮਜੀਤ ਮਾਨ, ਡਾ. ਦਵਿੰਦਰ ਬੋਹਾ ਤੇ ਡਾ. ਹਰਨੇਕ ਸਿੰਘ ਕਲੇਰ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪੁਸਤਕ ਲੇਖਕ ਡਾ. ਮੇਹਰ ਮਾਣਕ ਨੇ ਕਿਹਾ ਕਿ ਸਰਕਾਰ ਨਿਗੁਣੀਆਂ ਸਹੂਲਤਾਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਪ੍ਰਧਾਨਗੀ ਭਾਸ਼ਨ ਵਿਚ ਡਾ. ਗਿੱਲ ਨੇ ਦੱਸਿਆ ਕਿ ਇਹ ਕਿਤਾਬ ਸਰਲ ਭਾਸ਼ਾ ਵਿਚ ਲਿਖੀ ਗਈ ਹੈ, ਜੋ ਸਾਂਭਣਯੋਗ ਹੈ। ਉਨ੍ਹਾਂ ਕਿਹਾ ਕਿ ਮੁੱਢ ਤੋਂ ਹੀ ਮਨੁੱਖ ਦੇ ਵਿਕਾਸ ਨਾਲ ਬਦਲਾਅ ਹੁੰਦਾ ਆਇਆ ਹੈ। ਹੁਣ ਸਰਕਾਰਾਂ ਵਲੋਂ ਲੋਕਾਂ ਦੇ ਹੱਕ ਦਬਾਏ ਜਾ ਰਹੇ ਹਨ। ਇਸ ਬਾਰੇ ਲੇਖਕਾਂ ਤੇ ਬੁਧੀਜੀਵੀਆਂ ਨੂੰ ਡਟ ਕੇ ਲਿਖਣਾ ਚਾਹੀਦਾ ਹੈ।ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਬਹੁਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ, ਵਿਦਵਾਨ ਤੇ ਲੇਖਕ ਹਾਜ਼ਰ ਸਨ।

