

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਉੱਘੇ ਕਵੀ, ਆਲੋਚਕ ਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ, ਪ੍ਰੋ. ਜਯਾ ਪ੍ਰਕਾਸ਼ ਸ਼ਰਮਾ ਦੀ ਯਾਦ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਰਾਜੀਵ ਗਾਂਧੀ ਭਵਨ ਵਿਖੇ ਸਮ੍ਰਿਤੀ ਉਤਸਵ ਦਾ ਆਯੋਜਨ ਕੀਤਾ ਗਿਆ। ਡਾ. ਸ਼ਮੀਰ ਸਿੰਘ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਾਹਿਤ ਅਕਾਦਮੀ, ਨਵੀਂ ਦਿੱਲੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਸਮਾਗਮ ਦੇ ਸ਼ੁਰੂ ਵਿੱਚ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਨਮੋਹਨ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਅਕਾਦਮੀ ਵੱਲੋਂ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਮਹਾਨ ਸਾਹਿਤਕਾਰਾਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਖੇਤਰ ਵਿੱਚ ਸਾਹਿਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਪ੍ਰੋ. ਯੋਜਨਾ ਰਾਵਤ, ਪ੍ਰੋ. ਮੀਰਾ ਗੌਤਮ ਅਤੇ ਪ੍ਰੋ. ਰਾਕੇਸ਼ ਪ੍ਰੇਮ ਨੇ ਪ੍ਰੋ. ਜਯਾ ਪ੍ਰਕਾਸ਼ ਸ਼ਰਮਾ ਦੇ ਜੀਵਨ, ਸਾਹਿਤਕ ਯੋਗਦਾਨ ਅਤੇ ਸਮੇਂ ਬਾਰੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਹਿੰਦੀ ਕਵਿਤਾ ਅਤੇ ਆਲੋਚਨਾ ‘ਤੇ ਉਨ੍ਹਾਂ ਦੇ ਡੂੰਘੇ ਪ੍ਰਭਾਵ ਅਤੇ ਵਿਦਿਆਰਥੀਆਂ ਦੀਆਂ ਪੀੜ੍ਹੀਆਂ ਦੇ ਮਾਰਗਦਰਸ਼ਕ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਯਾਦ ਕੀਤਾ।
ਪ੍ਰੋਗਰਾਮ ਵਿੱਚ ਪ੍ਰੋ. ਸ਼ਰਮਾ ਦੀ ਪਤਨੀ ਸ਼੍ਰੀਮਤੀ ਮੰਜੂ ਸ਼ਰਮਾ ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਵੱਡੀ ਗਿਣਤੀ ਵਿੱਚ ਲੇਖਕਾਂ, ਕਵੀਆਂ, ਵਿਦਵਾਨਾਂ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਲਗਭਗ 150 ਖੋਜ ਵਿਦਿਆਰਥੀ ਵੀ ਸ਼ਰਧਾਂਜਲੀ ਦੇਣ ਲਈ ਸਮਾਗਮ ਵਿੱਚ ਹਾਜ਼ਰ ਰਹੇ। ਡਾ. ਰਾਜ ਕੁਮਾਰ ਮਲਿਕ ਦੁਆਰਾ ਪ੍ਰੋ. ਜਯਾ ਪ੍ਰਕਾਸ਼ ਸ਼ਰਮਾ ਦੀ ਕਵਿਤਾ ‘ਤੇ ਲਿਖੀਆਂ ਚਾਰ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ। ਇਨ੍ਹਾਂ ਦੇ ਨਾਮ ਹਨ; ਪਾਰਸਮਣੀ, ਖ਼ਾਮੋਸ਼ੀ ਕੀ ਚੀਖ਼, ਮੁਝੇ ਏਕ ਭਾਸ਼ਾ ਚਾਹੀਏ ਅਤੇ ਰੰਗ ਖ਼ਤਰੇ ਮੇਂ ਹੈ। ਇਸ ਮੌਕੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਉਪ-ਪ੍ਰਧਾਨ ਡਾ. ਅਨੀਸ਼ ਗਰਗ ਵੀ ਮੌਜੂਦ ਰਹੇ। ਸਮਾਗਮ ਦੇ ਅੰਤ ਵਿੱਚ ਅਕਾਦਮੀ ਦੇ ਸਕੱਤਰ ਸ਼੍ਰੀ ਸੁਭਾਸ਼ ਭਾਸਕਰ ਨੇ ਸਾਰੇ ਮਹਿਮਾਨਾਂ, ਬੁਲਾਰਿਆਂ, ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਹੋਰਨਾਂ ਹਾਜ਼ਰ ਸ਼ਖ਼ਸੀਅਤਾਂ ਵਿੱਚ ਸ਼੍ਰੀ ਜੰਗ ਬਹਾਦਰ ਗੋਇਲ, ਵਿਜੈ ਕਪੂਰ, ਰੇਖਾ ਮਿੱਤਲ, ਪ੍ਰੇਮ ਵਿਜ, ਡਾ. ਵਿਨੋਦ ਸ਼ਰਮਾ, ਡਾ. ਯੋਗ ਰਾਜ, ਪਰਵੀਨ ਸ਼ੇਰੋਂ, ਜਗਦੀਪ ਸਿੱਧੂ, ਸੀਮਾ ਗੁਪਤਾ, ਨਿਰਮਲ ਸੂਦ, ਸੁਭਾਸ਼ ਸ਼ਰਮਾ, ਅਸ਼ਵਨੀ ਸ਼ਾਂਡਿਲਿਆ, ਪਰਮਜੀਤ ਮਾਨ, ਸੁਰਜੀਤ ਸੁਮਨ, ਦੀਪਤੀ ਬਬੂਟਾ, ਗੁਰਮੀਤ ਸਿੰਗਲ, ਡਾ. ਅਵਤਾਰ ਸਿੰਘ ਪਤੰਗ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਸ਼ਾਮਲ ਸਨ।

