ਸੁਰਜੀਤ ਪਾਤਰ ਦੇ ਪੰਜਾਬੀ ਕਵਿਤਾ ਬਾਰੇ ਸਿਰਜੇ ਸੁਪਨੇ ਨੂੰ ਸਮਰਪਿਤ ਦੋ ਰੋਜ਼ਾ ਪੁਸਤਕ ਵਿਚਾਰ ਚਰਚਾ 30-31 ਮਈ ਨੂੰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ:


ਕਲਾ ਪਰਿਸ਼ਦ ਵੱਲੋਂ ਸੁਰਜੀਤ ਪਾਤਰ ਦੇ ਪੰਜਾਬੀ ਕਵਿਤਾ ਬਾਰੇ ਸਿਰਜੇ ਸੁਪਨੇ ਨੂੰ ਸਮਰਪਿਤ ਦੋ ਰੋਜ਼ਾ ਪੁਸਤਕ ਵਿਚਾਰ ਚਰਚਾ 30-31 ਮਈ, 2026 ਨੂੰ ਸਵੇਰੇ 10.00 ਵਜੇ ਤੋਂ 5.00 ਵਜੇ ਤੱਕ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਵੱਲੋਂ ਕਰਵਾਇਆ ਜਾ ਰਿਹਾ ਹੈ। ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ, ਉਪ ਚੇਅਰਮੈਨ ਡਾ. ਯੋਗ ਰਾਜ ਅਤੇ ਸਕੱਤਰ ਰਵੇਲ ਸਿੰਘ ਵੱਲੋਂ ਜਾਰੀ ਚਰਚਾ ਪ੍ਰੋਗਰਾਮ ਅਨੁਸਾਰ ਪਹਿਲੇ ਦਿਨ ਜਸਵੰਤ ਜ਼ਫਰ ਦੀ ਪੁਸਤਕ ਮੈਨੂੰ ਬੁੱਧੂ ਹੋਣਾ ਚਾਹੀਦਾ, ਅਮਰਜੀਤ ਗਰੇਵਾਲ਼ ਦੀ ਪੁਸਤਕ ਅਦਭੁਤ ਦੀ ਵਾਪਸੀ, ਅਮਰਜੀਤ ਕੌਂਕੇ ਦੀ ਪੁਸਤਕ ਇਸ ਧਰਤੀ ‘ਤੇ ਰਹਿੰਦਿਆਂ, ਨਵਦੀਪ ਕੌਰ ਦੀ ਪੁਸਤਕ ਅਹੱਲਿਆ, ਭੁਪਿੰਦਰ ਕੌਰ ਪ੍ਰੀਤ ਦੀ ਪੁਸਤਕ ਮਿੱਟੀ ਕੱਢਦੀਆਂ ਔਰਤਾਂ, ਸਵਰਨਜੀਤ ਸਵੀ ਦੀ ਪੁਸਤਕ ਨਾਚ, ਡਾ. ਮਨਮੋਹਨ ਦੀ ਪੁਸਤਕ ਨਿਮਖ ਨਾ ਵਿਸਰੈ ਉੱਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।
ਇਸੇ ਤਰ੍ਹਾਂ ਅਗਲੇ ਦਿਨ 31 ਮਈ ਨੂੰ ਜਸਵਿੰਦਰ ਸੀਰਤ ਦੀ ਪੁਸਤਕ ਕੋਇਲਾ, ਸੁਰਖ਼ਾਬ ਦੀ ਪੁਸਤਕ ਵੈਤਰਨੀ, ਜਸ ਪ੍ਰੀਤ ਦੀ ਪੁਸਤਕ ਅਹਿਸਾਸਾਂ ਦੀ ਕਿਣਮਿਣ, ਜਗਦੀਪ ਸਿੱਧੂ ਦੀ ਪੁਸਤਕ ਪੌੜੀਆਂ ਉੱਤਰਦੀ ਛਾਂ ਅਤੇ ਪਰਮਜੀਤ ਸੋਹਲ ਦੀ ਪੁਸਤਕ ਵਿਸਮਾਦ ਬਾਰੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ। ਇਸ ਸਮਾਗਮ ਦੇ ਕਨਵੀਨਰ ਡਾ. ਅਮਰਜੀਤ ਸਿੰਘ ਅਤੇ ਸੰਚਾਲਕ ਜਗਦੀਪ ਸਿੱਧੂ ਹੋਣਗੇ। ਡਾ. ਯੋਗ ਰਾਜ ਨੇ ਸਾਹਿਤ ਪ੍ਰੇਮੀਆਂ, ਲੇਖਕਾਂ ਆਦਿ ਨੂੰ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

