ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਦਾ ਸਰੀਰ ਖੋਜ ਕਾਰਜਾਂ ਵਾਸਤੇ ਪੀਜੀਆਈ ਨੂੰ ਕੀਤਾ ਦਾਨ
ਵੱਡੇ ਭਰਾ ਸੰਤੋਖ ਸਿੰਘ ਧੀਰ ਦਾ ਸਰੀਰ ਵੀ ਕੀਤਾ ਗਿਆ ਸੀ ਦਾਨ
ਕਲਮ ਕਦੇ ਵੀ ਹਾਕਿਮ ਧਿਰ ਦੇ ਹੱਕ ਵਿਚ ਨਹੀਂ ਚੱਲੀ, ਉਹ ਚਾਰ ਮੋਢਿਆਂ ਦੀ ਪ੍ਰਵਾਹ ਕੀਤੇ ਬਿਨਾਂ ਹਮੇਸ਼ਾ ਸੱਚ ਬੋਲੇ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ:


ਪ੍ਰਸਿੱਧ ਪੰਜਾਬੀ ਲੇਖਕ ਐਡਵੋਕੇਟ ਰਿਪੁਦਮਨ ਸਿੰਘ ਰੂਪ (91) ਦੇ ਬੀਤੇ ਦਿਨੀਂ ਵਿਛੋੜੇ ਮਗਰੋਂ, ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ, ਪਰਿਵਾਰ ਵੱਲੋਂ ੳਨ੍ਹਾਂ ਦੀ ਦੇਹ ਪੀਜੀਆਈ ਚੰਡੀਗੜ ਨੂੰ ਖੋਜ ਕਾਰਜਾਂ ਵਾਸਤੇ ਦਾਨ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸ੍ਰੀ ਰੂਪ ਦੇ ਵੱਡੇ ਭਰਾ ਸ਼੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਦਾ ਸਰੀਰ ਵੀ 2010 ਵਿੱਚ ਪੀਜੀਆਈ ਨੂੰ ਦਾਨ ਕੀਤਾ ਗਿਆ ਸੀ। ਪੀਜੀਆਈ ਜਾਣ ਤੋਂ ਪਹਿਲਾਂ ਸ੍ਰੀ ਰੂਪ ਦੀ ਪਵਿੱਤਰ ਦੇਹ ਉਨ੍ਹਾਂ ਦੇ ਗ੍ਰਹਿ ਵਿਖੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ, ਜਿਸ ਨੂੰ ਸੈਂਕੜੇ ਲੇਖਕਾਂ, ਬੁੱਧੀਜੀਵੀਆਂ, ਵਕੀਲਾਂ, ਰੰਗਮੰਚ ਅਤੇ ਫਿਲਮ ਅਦਾਕਾਰਾਂ, ਰਾਜਨੀਤਿਕ ਅਤੇ ਸਮਾਜਿਕ ਕਾਰਕੁਨਾਂ, ਮੁਲਾਜ਼ਮ ਆਗੂਆਂ ਸਮੇਤ ਸਕੇ-ਸਬੰਧੀਆਂ ਅਤੇ ਆਲੇ-ਦੁਆਲੇ ਨੇ ਭਾਵ-ਭਿੰਨੀ ਸ਼ਰਧਾਜਲੀ ਦਿੱਤੀ। ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੇਵਾ-ਮੁਕਤ ਜੱਜ ਕੰਵਲਜੀਤ ਸਿੰਘ ਆਹਲੂਵਾਲੀਆ ਅਤੇ ਜਸਟਿਸ (ਸੇਵਾ ਮੁਕਤ) ਰਾਕੇਸ਼ ਗਰਗ, ਕਾਲਮ ਨਵੀਸ ਸ਼ਾਮ ਸਿੰਘ (ਅੰਗ-ਸੰਗ), ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਰਨਾਰਥਲ, ਡਿਪਟੀ ਮੇਅਰ ਮੁਹਾਲੀ ਕੁਲਜੀਤ ਸਿੰਘ ਬੇਦੀ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ, ਬਲਵਿੰਦਰ ਉੱਤਮ, ਅਦਾਕਾਰ ਕੱਕੂ ਦੀਵਾਨ, ਨਰਿੰਦਰ ਪਾਲ ਨੀਨਾ ਨੇ ਕਿਹਾ ਕਿ ਸ੍ਰੀ ਰੂਪ ਝੱਖੜਾਂ ’ਚ ਝੂਲਦਾ ਉਹ ਰੁੱਖ ਸਨ, ਜੋ ਲੋਕਾਂ ਦੇ ਪੱਖ ਅਤੇ ਹੱਕ ’ਚ ਸਾਰੀ ਉਮਰ ਖੜ੍ਹੇ ਤੇ ਲੜੇ। ਉੁਹ ਆਪਣੇ ਭੈਣਾਂ-ਭਾਈਆਂ ਅਤੇ ਸਕੇ-ਸਬੰਧੀਆਂ ਨਾਲ ਅੜੇ-ਥੁੜ੍ਹੇ ਉਨਾਂ ਦੇ ਕੰਮ ਆਏ। ਆਪਣੇ ਮੁਲਾਜ਼ਮ ਸਾਥੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਮੁਹਰਲੀ ਕਤਾਰ ਵਿਚ ਸਰਗਰਮ ਰਹਿ ਕੇ ਅਨੇਕਾਂ ਵਾਰ ਜੇਲ੍ਹ ਗਏ ਅਤੇ ਸਮਾਜਿਕ ਮਸਲੇ ਬੇਬਾਕੀ ਅਤੇ ਦਲੇਰੀ ਨਾਲ ਉਭਾਰੇ। ਉਨਾਂ ਕਿਹਾ ਕਿ ਸ੍ਰੀ ਰੂਪ ਦੇ ਪੁੱਤਰਾਂ ਸੰਜੀਵਨ ਸਿੰਘ ਅਤੇ ਰੰਜੀਵਨ ਸਿੰਘ ਤੋਂ ਇਲਾਵਾ ਉਨਾਂ ਦੀਆਂ ਪੋਤੀਆਂ ਰਿੱਤੂਰਾਗ, ਪ੍ਰਿਯਾਰਾਗ ਅਤੇ ਪੋਤੇ ਰਿਸ਼ਮਰਾਗ, ਊਦੈਰਾਗ ਵੀ ਰੰਗਮੰਚ ਅਤੇ ਸਾਹਿਤਕ ਖੇਤਰ ਵਿੱਚ ਵੀ ਸਰਗਰਮ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਰੂਪ ਨੇ ਆਪਣੇ 70 ਸਾਲਾਂ ਦੇ ਸਾਹਿਤਕ ਸਫ਼ਰ ਦੌਰਾਨ ਕਾਵਿ-ਸੰਗ੍ਰਹਿ ਰਾਣੀ ਰੁੱਤ (1991), ਲਾਲ ਗੜ੍ਹ (2019), ਕਹਾਣੀ-ਸੰਗ੍ਰਹਿ ਦਿਲ ਦੀ ਅੱਗ (1979), ਬਹਾਨੇ-ਬਹਾਨੇ (1993), ਓਪਰੀ ਹਵਾ (2007), ਪੋਹ ਫੁਟਾਲੇ ਤੱਕ (2020) ਅਤੇ ਬਦਮਾਸ਼, ਨਾਵਲ ਝੱਖੜਾਂ ਵਿੱਚ ਝੂਲਦਾ ਰੁੱਖ (2013), ਪ੍ਰੀਤੀ (2022) ਅਤੇ ਤੀਲ੍ਹਾ (2024) ਲੇਖ-ਸੰਗ੍ਰਿਹ ਬੰਨੇ-ਚੰਨੇ (2009), ਯਾਤਰਾਵਾਂ ਪੰਛੀ-ਝਾਤ ਲਿਖਣ ਤੋਂ ਇਲਾਵਾ ਉਨ੍ਹਾਂ ਆਪਣੇ ਪਿਤਾ ਗਿਆਨੀ ਈਸ਼ਰ ਸਿੰਘ ਦਰਦ ਦੀ ਕਵਿਤਾ ਦਾ ਸੰਗ੍ਰਹਿ ਧੂੜ ਹੇਠਲੀ ਕਵਿਤਾ (2018) ਸੰਪਾਦਿਤ ਕੀਤਾ। ਸ੍ਰੀ ਰੂਪ ਦੀਆਂ ਤਿੰਨ ਕਿਤਾਬਾਂ (ਵਾਰਤਕ, ਕਹਾਣੀਆਂ, ਕਵਿਤਾਵਾਂ ਅਤੇ ਨਾਵਲਿਟ) ਛਪਾਈ ਅਧੀਨ ਹਨ, ਜੋ ਆਉਂਦੇ ਕੁੱਝ ਮਹੀਨਿਆਂ ਵਿਚ ਛਪ ਕੇ ਪਾਠਕਾਂ ਤੱਕ ਪਹੁੰਚਣ ਦੀ ਆਸ ਹੈ। ਇਹ ਵੀ ਜ਼ਿਕਰਯੋਗ ਹੈ ਕਿ ਉਨ੍ਹਾਂ ਆਪਣੇ ਪਿਤਾ ਗਿਆਨੀ ਈਸ਼ਰ ਸਿੰਘ ਦਰਦ ਦੇ ਤੁਰ ਜਾਣ ਤੋਂ ਚਾਰ ਦਹਾਕਿਆਂ ਬਾਅਦ ਉਨਾਂ ਦੀਆਂ ਕਵਿਤਾਵਾਂ ਦੀ ਪੁਸਤਕ ‘ਧੂੜ ਹੇਠਲੀ ਕਵਿਤਾ’ ਸੰਪਾਦਿਤ ਕਰਕੇ ਛਪਵਾਈ।
ਰਿਪੁਦਮਨ ਸਿੰਘ ਰੂਪ ਨੂੰ ਨਮਨ ਕਰਨ ਵਾਲਿਆਂ ਵਿੱਚ ਉਨ੍ਹਾਂ ਦੇ ਸਕੇ-ਸਬੰਧੀਆਂ ਅਤੇ ਨੇੜਲਿਆਂ ਤੋਂ ਇਲਾਵਾ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ, ਹਾਈਕੋਰਟ ਬਾਰ ਐਸੋਸ਼ੀਏਸ਼ਨ ਦੇ ਸਕੱਤਰ ਐਵਡੋਕੇਟ ਪਰਮਪ੍ਰੀਤ ਸਿੰਘ ਬਾਜਵਾ, ਐਡਵੋਕੇਟ ਸਤਵੰਤ ਰੰਗੀ, ਐਡਵੋਕੇਟ ਕੁਲਬੀਰ ਸਿੰਘ ਧਾਲੀਵਾਲ, ਪੰਜਾਬੀ ਰੰਗਮੰਚ ਅਤੇ ਫਿਲਮਾਂ ਦਾ ਅਦਾਕਾਰ ਕਮਲ ਨੈਨ ਸਿੰਘ ਸੇਖੋਂ, ਰਮਨ ਢਿੱਲੋਂ, ਸਾਵਣ ਰੂਪੋਵਾਲੀ, ਜਸਬੀਰ ਢਿੱਲੋਂ, ਇੰਦਰਜੀਤ ਮੋਗਾ, ਸਬਦੀਸ਼, ਹਰਵਿੰਦਰ ਹਰ, ਨਰਿੰਦਰ ਨਸਰੀਨ, ਸੁਖਬੀਰ ਪਾਲ ਕੌਰ, ਰਾਜਨੀਤਿਕ, ਸਮਾਜਿਕ ਕਾਰਕੁਨ ਅਤੇ ਮੁਲਾਜ਼ਮ ਆਗੂ ਬੀਜੇਪੀ ਦੇ ਆਗੂ ਲਖਵਿੰਦਰ ਗਰਚਾ, ਮਲਾਜ਼ਮ ਆਗੂ ਕਰਮ ਸਿੰਘ ਧਨੋਆ, ਖੁਸ਼ਹਾਲ ਨਾਗਾ, ਬਲਦੇਵ ਝੱਜ, ਅਵਤਾਰ ਕਲਸੀਆਂ, ਦਵਿੰਦਰ ਜਟਾਣਾ, ਅਸ਼ੋਕ ਬਜਹੇੜੀ, ਰਣਜੀਤ ਹਾਂਸ, ਯਸ਼ਪਾਲ, ਡਾ. ਨਰਿੰਦਰ ਗੁਪਤਾ, ਜੀ. ਐਸ. ਕੌਸ਼ਲ, ਸਤਨਾਮ ਦਾਊਂ, ਐਮਬੀਐਸ ਸ਼ੇਰਗਿੱਲ, ਰੂਪ ਸਾਹਿਬ ਦੇ ਜਵਾਈ ਪੱਤਰਕਾਰ ਦਵਿੰਦਰ ਦਰਸ਼ੀ, ਨੂੰਹ ਚਰਨਜੀਤ ਕੌਰ, ਪੂਨਮ, ਪੋਤ-ਜਵਾਈ ਉੱਜਵਲ ਅਤੇ ਮੋਹਿਤ ਵੇਦ ਨੇ ਵੀ ਰੂਪ ਸਾਹਿਬ ਨੂੰ ਨਮਨ ਕੀਤਾ। ਉਨ੍ਹਾਂ ਦੀ ਪੋਤ ਨੂੰਹ ਪੁਰਵਾ ਅਤੇ ਪੋਤੀ ਰਿੱਤੂ ਰਾਗ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆ ਕਿਹਾ ਕਿ ਸਾਡੇ ਦਾਦੇ ਤਾਏ ਸੰਤੋਖ ਸਿੰਘ ਧੀਰ ਵਾਂਗ ਡੈਡੀ ਵੀ ਸਾਰੀ ਉਮਰ ਦੱਬੇ-ਕੁਚਲੇ, ਪੀੜਤ ਅਤੇ ਸ਼ੋਸ਼ਿਤ ਧਿਰਾਂ ਨਾਲ ਡੱਟ ਕੇ ਖੜ੍ਹੇ। ਉਨਾਂ ਦੀ ਕਲਮ ਕਦੇ ਵੀ ਹਾਕਿਮ ਧਿਰ ਦੇ ਹੱਕ ਵਿਚ ਨਹੀਂ ਚੱਲੀ। ਉਹ ਚਾਰ ਮੋਢਿਆਂ ਦੀ ਪ੍ਰਵਾਹ ਕੀਤੇ ਬਿਨਾਂ ਹਮੇਸ਼ਾ ਸੱਚ ਬੋਲੇ।

