Breaking
www.sursaanjh.com > ਅੰਤਰਰਾਸ਼ਟਰੀ > ਨੌਜਵਾਨ ਕਹਾਣੀਕਾਰ ਗੁਰਦੀਪ ਮਹੌਣ ਦੀ ਕਹਾਣੀ ‘ਬੂਹਾ ਖੁੱਲ੍ਹਾ ਰੱਖੀਂ’ ਉੱਪਰ ਹੋਈ ਵਿਚਾਰ-ਚਰਚਾ

ਨੌਜਵਾਨ ਕਹਾਣੀਕਾਰ ਗੁਰਦੀਪ ਮਹੌਣ ਦੀ ਕਹਾਣੀ ‘ਬੂਹਾ ਖੁੱਲ੍ਹਾ ਰੱਖੀਂ’ ਉੱਪਰ ਹੋਈ ਵਿਚਾਰ-ਚਰਚਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਮਈ:
ਕਹਾਣੀ ਸੰਗਤ ਚੰਡੀਗੜ੍ਹ ਵੱਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਅੱਜ ਨੌਜਵਾਨ ਕਹਾਣੀਕਾਰ ਗੁਰਦੀਪ ਮਹੌਣ ਦੀ ਕਹਾਣੀ ‘ਬੂਹਾ ਖੁੱਲ੍ਹਾ ਰੱਖੀਂ’ ਉੱਪਰ ਵਿਚਾਰ-ਚਰਚਾ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਡਾ. ਲਖਵਿੰਦਰ ਕੌਰ ਵਿਰਕ ਨੇ ਕੀਤੀ। ਕਹਾਣੀ ਪਾਠ ਉਪਰੰਤ ਵਿਚਾਰ ਚਰਚਾ ਦਾ ਆਰੰਭ ਕਰਦਿਆਂ ਡਾ. ਅਵਤਾਰ ਸਿੰਘ ਪਤੰਗ ਨੇ ਕਹਾਣੀ ਦੇ ਵਿਸ਼ੇ ਅਤੇ ਮੁੱਖ ਪਾਤਰ ਦੇ ਵਿਅਕਤਿਤਵ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਪਾਤਰ ਦੇ ਸੁਭਾਅ ਵਿੱਚ ਉਲਾਰ ਨਜ਼ਰ ਆਉਂਦਾ ਹੈ, ਜਿਸ ਉੱਤੇ ਹੋਰ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਸਤਨਾਮ ਸਿੰਘ ਸ਼ੋਕਰ ਨੇ ਕਹਾਣੀ ਦੇ ਤਕਨੀਕੀ ਪੱਖਾਂ ਵੱਲ ਧਿਆਨ ਦਿਵਾਉਂਦਿਆਂ ਕਈ ਸੁਝਾਅ ਦਿੱਤੇ। ਸਰੂਪ ਸਿਆਲਵੀ ਨੇ ਕਿਹਾ ਕਿ ਨੌਜਵਾਨ ਲੇਖਕਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਉਹਨਾਂ ਅਨੁਸਾਰ ਭਾਵੇਂ ਇਹ ਲੇਖਕ ਦੀ ਮੁੱਢਲੇ ਦੌਰ ਦੀ ਕਹਾਣੀ ਹੈ, ਫਿਰ ਵੀ ਇਸ ਵਿੱਚ ਇੱਕ ਚੰਗੀ ਕਹਾਣੀ ਬਣਨ ਦੀ ਸਮਰੱਥਾ ਮੌਜੂਦ ਹੈ। ਯਤਿੰਦਰ ਮਾਹਲ ਨੇ ਕਹਾਣੀ ਵਿੱਚ ਕਥਾ-ਰਸ ਦੀ ਘਾਟ ਅਤੇ ਕਈ ਥਾਵਾਂ ‘ਤੇ ਟਾਕੀਆਂ ਲੱਗਣ ਦੀ ਗੱਲ ਕੀਤੀ। ਪਾਲ ਅਜਨਬੀ ਨੇ ਭਾਸ਼ਾ ਦੀ ਸ਼ੁੱਧਤਾ ਵੱਲ ਧਿਆਨ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ। ਸੁਰਜੀਤ ਸੁਮਨ ਅਨੁਸਾਰ ਇਹ ਮੁੱਖ ਤੌਰ ‘ਤੇ ਇੱਕ ਕਿਤਾਬ-ਪ੍ਰੇਮੀ ਦੀ ਕਹਾਣੀ ਹੈ ਜੋ ਵਿਹਾਰਕ ਜੀਵਨ ਨਾਲ ਟਕਰਾਅ ਵਿੱਚ ਨਜ਼ਰ ਆਉਂਦੀ ਹੈ।ਉਨ੍ਹਾਂ ਕਿਹਾ ਕਿ ਇਸ ਵਿੱਚ ‘ਪੜਿ ਪੜਿ ਗਡੀ ਲਦੀਅਹਿ’  ਵਾਲ਼ੀ ਸਥਿਤੀ ਉਪਜਦੀ ਦਿਖਾਈ ਦਿੰਦੀ ਹੈ। ਗੁਰਮੀਤ ਸਿੰਗਲ ਨੇ ਮਹੌਣ ਨੂੰ ਇਸ ਕਹਾਣੀ ‘ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ।
ਕਹਾਣੀ ਸੰਗਤ ਦੇ ਕਨਵੀਨਰ ਪਰਮਜੀਤ ਮਾਨ ਨੇ ਕਿਹਾ ਕਿ ‘ਕਹਾਣੀ ਸੰਗਤ’ ਦਾ ਮੂਲ ਉਦੇਸ਼ ਰਚਨਾਤਮਕ ਵਿਕਾਸ ਹੈ। ਇਸ ਲਈ ਲੇਖਕਾਂ ਨੂੰ ਆਲੋਚਨਾ ਦਾ ਬੁਰਾ ਮਨਾਉਣ ਦੀ ਬਜਾਇ ਆਪਣੀ ਲਿਖਤ ਨੂੰ ਨਿਖਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਕਹਾਣੀ ਸੰਗਤ ਦੀ ਪ੍ਰਧਾਨ ਦੀਪਤੀ ਬਬੂਟਾ ਨੇ ਕਹਾਣੀ ਦੇ ਵਿਸ਼ੇ ਦੀ ਪ੍ਰਸ਼ੰਸਾ ਕੀਤੀ, ਪਰ ਨਾਲ ਹੀ ਇਹ ਵੀ ਕਿਹਾ ਕਿ ਸਾਰੀ ਕਹਾਣੀ ਨੂੰ ਦੁਬਾਰਾ ਤੋਂ ਲਿਖਣ ਦੀ ਲੋੜ ਹੈ। ਉਹਨਾਂ ਨੇ ਭਾਸ਼ਾ ਅਤੇ ਤਕਨੀਕ, ਦੋਹਾਂ ਪੱਖਾਂ ਉੱਤੇ ਸਵਾਲ ਉਠਾਏ। ਪੀ. ਜੀ. ਕਾਲਜ ਦੇ ਵਿਦਿਆਰਥੀ ਬਲਰਾਜ ਨੇ ਵੀ ਕਹਾਣੀ ਉੱਪਰ ਬੜੀਆਂ ਸਾਰਥਕ ਗੱਲਾਂ ਕੀਤੀਆਂ ਤੇ ਸੁਝਾਅ ਦਿੱਤੇ। ਡਾ. ਲਖਵਿੰਦਰ ਕੌਰ ਵਿਰਕ ਨੇ ਪੂਰੀ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਭਰਪੂਰ ਚਰਚਾ ਤੋਂ ਇਹ ਨਤੀਜਾ ਸਾਹਮਣੇ ਆਇਆ ਹੈ ਕਿ ਕਹਾਣੀ ਦਾ ਵਿਸ਼ਾ ਨਿਵੇਕਲਾ ਤੇ ਪ੍ਰਭਾਵਸ਼ਾਲੀ ਹੈ, ਪਰ ਤਕਨੀਕੀ ਪੱਖੋਂ ਕਹਾਣੀ ਅਜੇ ਕਮਜ਼ੋਰ ਹੈ। ਕਹਾਣੀ ਵਿੱਚ ਕਈ ਥਾਵਾਂ ‘ਤੇ ਖੱਪੇ ਹਨ, ਜਿਨ੍ਹਾਂ ਨੂੰ ਭਰਨ ਦੀ ਲੋੜ ਹੈ। ਭਾਸ਼ਾ ਦੀ ਸ਼ੁੱਧਤਾ ਅਤੇ ਸ਼ਬਦ-ਜੋੜਾਂ ਦੀਆਂ ਗਲਤੀਆਂ ਵੱਲ ਵੀ ਗੰਭੀਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਚਰਚਾ ਵਿੱਚ ਆਏ ਛੋਟੇ-ਛੋਟੇ ਨੁਕਤਿਆਂ ਨੂੰ ਧਿਆਨ ਵਿੱਚ ਰੱਖ ਕੇ ਕਹਾਣੀ ਨੂੰ ਕਾਫ਼ੀ ਵਧੀਆ ਬਣਾਇਆ ਜਾ ਸਕਦਾ ਹੈ। ਗਲਪੀ ਭਾਸ਼ਾ ਦੀ ਸੁਚੱਜੀ ਵਰਤੋਂ ਨਾਲ ਇਹ ਕਹਾਣੀ ਬਹੁ-ਪਰਤੀ ਕਹਾਣੀ ਬਣਨ ਦੀ ਸਮਰੱਥਾ ਰੱਖਦੀ ਹੈ। ਅੰਤ ਵਿੱਚ ਗੁਰਦੀਪ ਮਹੌਣ ਨੇ ਹਾਜ਼ਰ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਹਾਣੀ ਸੰਗਤ ਨੇ ਇਹ ਵਧੀਆ ਪਰੰਪਰਾ ਸ਼ੁਰੂ ਕੀਤੀ ਹੈ, ਜਿੱਥੇ ਲੇਖਕ ਨੂੰ ਆਪਣੀ ਲਿਖਤ ਸੁਧਾਰਨ ਵਿੱਚ ਮੱਦਦ ਮਿਲਦੀ ਹੈ। ਅੱਜ ਦੀ ਮੀਟਿੰਗ ਵਿੱਚ ਸਭ ਨੇ ਸੰਗਤ ਦੇ ਸਰਪ੍ਰਸਤ ਡਾ ਲਾਭ ਸਿੰਘ ਖੀਵਾ, ਜੋ ਸੱਟ ਲੱਗਣ ਕਾਰਨ ਨਹੀਂ ਆ ਸਕੇ, ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ।

Leave a Reply

Your email address will not be published. Required fields are marked *