ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੁਲਾਈ:
ਹਰਜਿੰਦਰ ਸਿੰਘ ਗੋਪਾਲ਼ੋਂ, ਵੱਡੇ ਭਰਾਵਾਂ ਵਰਗਾ ਮੇਰਾ ਸਮਕਾਲੀ ਗੀਤਕਾਰ ਹੈ। ਉਹ ਰੰਗੀਲਾ, ਸੁਰੀਲਾ, ਜਜ਼ਬਾਤੀ ਤੇ ਦਮਦਾਰ ਸ਼ਬਦ ਸੂਝ ਰੱਖਣ ਵਾਲ਼ਾ ਵੀ ਹੈ ਬੇਹੱਦ ਮਿਲ਼ਣਸਾਰ ਵੀ। ਕਿਸੇ ਮਹਿਫਲ ਵਿੱਚ ਮੈਂ ਉਸ ਮੂੰਹੋਂ ਇੱਕ ਗੀਤ ਸੁਣ ਕੇ ਦੰਗ ਰਹਿ ਗਿਆ ਸੀ। ਇਸ ਗੀਤ ਦੇ ਬੋਲਾਂ ਵਿੱਚ ਉਨ੍ਹਾਂ ਬਹੁਤ ਤੇਜ਼ੀ ਨਾਲ਼ ਬਦਲ ਚੁੱਕੇ ਤੇ ਹੋਰ ਬਦਲੇ ਜਾ ਰਹੇ ਪੰਜਾਬ ਦੀ ਤਾਸੀਰ ਨੂੰ ਪਰੋਇਆ ਹੈ। ਵੱਡੇ ਵੀਰ ਜਸਵਿੰਦਰ ਕਾਈਨੌਰ ਵੱਲੋਂ ਸੁਰ ਸਾਂਝ ਡਾਟ ਕਾਮ ਬਿਊਰੋ ਲਈ ਭੇਜੇ ਇਸ ਗੀਤ ਨੂੰ ਸਰੋਤਿਆਂ ਸਨਮੁੱਖ ਕਰਨ ਦੀ ਖੁਸ਼ੀ ਮਿਲ਼ ਰਹੀ ਹੈ। ਧੰਨਵਾਦ ਸਹਿਤ ਦੁਆਵਾਂ – ਸੁਰਜੀਤ ਸੁਮਨ, ਸੰਪਾਦਕ;


ਨੀਂ ਸੁਣ ਹਰਨਾਮ ਕੁਰੇ
ਤੂੰ ਸੁਰਗਾਂ ਵਿੱਚ ਜਾ ਕੇ ਬਹਿ ਗਈ ਆਪਣਾ ਪੱਲਾ ਛੁਡਾ ਕੇ ਬਹਿ ਗਈ।
ਵਰ੍ਹਿਆਂ ਪਹਿਲਾਂ ਜੋ ਤੂੰ ਕਹਿ ਗਈ ਮੈਂ ਹੁਣ ਜਾਨਾਂ ਹਾਂ ਤੱਕੀ।
ਨੀ ਹੁਣ ਹਰਨਾਮ ਕੁਰੇ ਕਰ ਗਿਆ ਮੁਲਕ ਤਰੱਕੀ।
ਆਪਣਾ ਭੋਲਾ ਡਿਗਰੀ ਕਰਕੇ ਬਹਿ ਗਿਐ ਘਰ ਵਿੱਚ ਸਿਰ ਨੂੰ ਫੜਕੇ।
ਫਿਰਦੈ ਬੇਰੁਜ਼ਗਾਰ ਵਿਚਾਰਾ ਕੋਈ ਨਾ ਮਾਰੇ ਹਾਅ ਦਾ ਨਾਅਰਾ।
ਜੇ ਕੋਈ ਹੱਕ ਮੰਗਦੈ, ਜਾਂਦੇ ਜੇਲ੍ਹਾਂ ਦੇ ਵਿੱਚ ਡੱਕੀ।
ਨੀ ਹੁਣ ਹਰਨਾਮ ਕੁਰੇ ਕਰ ਗਿਆ ਮੁਲਕ ਤਰੱਕੀ।
ਅੱਜ ਦੀਆਂ ਕਣਕਾਂ-ਮੱਕੀਆਂ ਖਾ ਕੇ ਬੈਠੇ ਹਾਂ ਕਈ ਰੋਗ ਲੁਆ ਕੇ।
ਖੌਰੇ ਕਿੱਥੋਂ ਬਿਮਾਰੀਆਂ ਆਈਆਂ ਡਾਕਟਰਾਂ ਨੂੰ ਮੌਜਾਂ ਲਾਈਆਂ।
ਹੁਣ ਨਹੀਓਂ ਕੰਮ ਕਰਦੀ ਆਪਣੀ ਕੌੜ-ਤੂੰਮੇਂ ਦੀ ਫੱਕੀ।
ਨੀ ਹੁਣ ਹਰਨਾਮ ਕੁਰੇ ਕਰ ਗਿਆ ਮੁਲਕ ਤਰੱਕੀ।
ਲੋਕੀ ਹੁਣ ਸਰਕਾਰ ਦੀ ਮੰਨਦੇ ਨਾ ਪਹਿਲਾਂ ਵਾਂਗੂੰ ਨਿਆਣੇ ਜੰਮਦੇ।
ਚਾਹੇ ਹੋਵੇ ਭੂੰਡ-ਪਟਾਕਾ ਹਰ ਇੱਕ ਬੀਬੀ ਚਾਹੁੰਦੀ ਏ ਕਾਕਾ।
ਕੁੜੀਆਂ ਲਈ ਤਾਂ ਲਾ ਦਿੰਦੇ ਨੇ ਢਿੱਡ ਦੇ ਵਿੱਚ ਕੜੱਕੀ।
ਨੀ ਹੁਣ ਹਰਨਾਮ ਕੁਰੇ ਕਰ ਗਿਆ ਮੁਲਕ ਤਰੱਕੀ।
ਦੋਸਤ-ਮਿੱਤਰ, ਸਾਕ-ਸਬੰਧੀ ਮਤਲਬ ਦੇ ਲਈ ਸਭੇ ਪਖੰਡੀ।
ਪਿਆਰ ਪਿੰਡਾਂ ਦੀਆਂ ਛੱਡ ਗਿਆ ਜੂਹਾਂ ਹਰ ਪਾਸੇ ਨੇ ਤਪਦੀਆਂ ਰੂਹਾਂ।
ਦੁਨੀਆਂ ਦੇ ਇਸ ਆਵੇ ਵਿੱਚ ਤੇਰਾ ‘ਜਿੰਦਰ’ ਜਾਂਦੈ ਪੱਕੀ।
ਨੀ ਹੁਣ ਹਰਨਾਮ ਕੁਰੇ ਕਰ ਗਿਆ ਮੁਲਕ ਤਰੱਕੀ।
ਹਰਜਿੰਦਰ ਸਿੰਘ ਗੋਪਾਲੋਂ
ਮੋਬਾਈਲ 97798-02897

