ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਮਈ:


‘ਅਪਰਾਧ ਦੀ ਦੁਨੀਆਂ ਬੜੀ ਘਿਨਾਉਣੀ ਹੈ। ਇਸ ਵਿੱਚ ਆਮ ਤੇ ਭੋਲ਼ੇ-ਭਾਲ਼ੇ ਵਿਅਕਤੀ ਕਦੋਂ ਤੇ ਕਿਹੜੇ ਹਾਲਾਤਾਂ ਵਿੱਚ ਫਸ ਜਾਣ, ਕੁਝ ਪਤਾ ਨਹੀਂ ਲਗਦਾ। ਬਹੁਤੇ ਲੋਕ ਸੁੱਤੇ ਸਿੱਧ ਹੀ ਇਸ ਦੁਨੀਆਂ ਵਿੱਚ ਪ੍ਰਵੇਸ਼ ਜਾਂਦੇ ਹਨ, ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ। ਕਸੂਰਵਾਰ ਕੋਈ ਹੋਰ ਹੁੰਦਾ ਹੈ, ਜਦਕਿ ਸਜ਼ਾ ਕੋਈ ਹੋਰ ਭੁਗਤਦਾ ਹੈ। ਇਸ ਲਈ ਅਸੀਂ ਇਸ ਸੰਸਥਾ ਦਾ ਗਠਨ ਕੀਤਾ ਹੈ ਤਾਂ ਜੋ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ ਨਿਰਦੋਸ਼ ਲੋਕਾਂ ਨੂੰ ਪ੍ਰੇਰਿਆ ਜਾਵੇ ਅਤੇ ਉਨ੍ਹਾਂ ਦੇ ਅੰਦਰਲੀ ਕਲਾ ਨੂੰ ਜਗਾ ਕੇ ਉਨ੍ਹਾਂ ਨੂੰ ਰਾਹਤ ਦੇਣ ਦਾ ਕੋਈ ਉਪਰਾਲਾ ਕਰ ਸਕੀਏ।’ ਵੈਲਬਾ ਫਾਊਂਡੇਸ਼ਨ, ਚੰਡੀਗੜ੍ਹ ਦੇ ਸੰਸਥਾਪਕ ਡਾ. ਪਰਿਕਸ਼ਿਤ ਬੰਸਲ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਲੁਧਿਆਣਾ ਸੈਂਟਰਲ ਜੇਲ੍ਹ ਤੋਂ ਕਵਿਤਾਵਾਂ ਅਤੇ ਗੀਤਾਂ ਦਾ ‘ਗੁਲਦਸਤਾ’ ਪੁਸਤਕ ਰਲੀਜ਼ ਕਰਨ ਵੇਲ਼ੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪੁਸਤਕ ਦੇ ਸ਼ੁਰੂ ਵਿੱਚ ਦਰਜ ਨਵਤੇਜ ਭਾਰਤੀ ਲੀਲਾ ਦੀਆਂ ਕਾਵਿ ਸਤਰਾਂ ‘ਮੈਂ ਚੁਰਸਤੇ ਵਿੱਚ ਦੀਵਾ ਜਗਾ ਦਿੱਤਾ ਹੈ/ ਦੀਵੇ ਦਾ ਕਰਮ ਰੌਸ਼ਨੀ ਦੇਣਾ ਹੈ/ ਰਾਹ ਦੱਸਣਾ ਨਹੀਂ’ ਬੋਲਦਿਆਂ ਕਿਹਾ ਕਿ ਮੈਂ ਇਸ ਸੰਸਥਾ ਦਾ ਗਠਨ ਭਾਈ ਕਨੱਈਆ ਜੀ ਤੋਂ ਪ੍ਰੇਰਿਤ ਹੁੰਦਿਆਂ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਪੁਸਤਕ ਵਿੱਚ ਡਾ. ਬੰਸਲ ਵੱਲੋਂ ਉਨ੍ਹਾਂ ਕੈਦੀਆਂ ਵੱਲੋਂ ਰਚੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਮਨ ਦੀ ਆਵਾਜ਼ ਅਕਸਰ ਸੁਣੀ ਨਹੀਂ ਜਾਂਦੀ। ਉਹ ਆਪਣੇ ਮਨ ਦੀ ਪੀੜਾ ਗੀਤਾਂ, ਕਵਿਤਾਵਾਂ ਰਾਹੀਂ ਸ਼ਬਦਾਂ ਵਿੱਚ ਪਰੋਅ ਕੇ ਆਪਣੇ ਕੋਲ਼ ਹੀ ਰੱਖ ਲੈਂਦੇ ਹਨ। ਉਨ੍ਹਾਂ ਦੀਆਂ ਇਹ ਰਚਨਾਵਾਂ ਕਿਧਰੇ ਛਪਦੀਆਂ ਵੀ ਨਹੀਂ। ਡਾ. ਬਾਂਸਲ ਨੇ ਕਿਹਾ ਕਿ ਵੈਲਬਾ ਫਾਊਂਡੇਸ਼ਨ ਰਾਹੀਂ ਅਸੀਂ ਇਨ੍ਹਾਂ ਕੈਦੀਆਂ ਦੇ ਮਨ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ‘ਗੁਲਦਸਤਾ’ ਬਾਰੇ ਡਾ. ਯੋਗ ਰਾਜ ਅੰਗਰਿਸ਼ ਨੇ ਕਿਹਾ ਕਿ ਇਹ ਕਵਿਤਾਵਾਂ ਅਤੇ ਗੀਤਾਂ ਦੀ ਪੁਸਤਕ ਨਹੀਂ – ਇਹ ਮਨੁੱਖੀ ਆਤਮਾ ਦੇ ਉਹ ਫੁੱਲ ਹਨ, ਜੋ ਕਠੋਰ ਹਾਲਾਤਾਂ ਦੀ ਤਿੱਖੀ ਧੁੱਪ ਵਿੱਚ ਵੀ ਖਿੜ ਪਏ ਹਨ। ਉ੍ਹਨ੍ਹਾਂ ਡਾ. ਬੰਸਲ ਦੇ ਇਸ ਉਪਰਾਲੇ ਨੂੰ ਸਮੇਂ ਦੀ ਨਬਜ਼ ਤੇ ਹੱਥ ਧਰਨ ਦਾ ਜ਼ੇਰਾ ਕਰਨ ਵਾਲ਼ਾ ਵਿਲੱਖਣ ਤੇ ਸਲਾਖਾਂ ਦੇ ਪਿੱਛੇ ਦੀ ਆਵਾਜ਼ ਸੁਣਨ ਵਾਲ਼ਾ ਕਾਰਜ ਕਿਹਾ। ਇਸ ਮੌਕੇ ਡਾ. ਬਾਂਸਲ ਨੇ ਫਾਊਂਡੇਸ਼ਨ ਦੇ ਇਸ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਪ੍ਰਮੁੱਖ ਸਕੱਤਰ ਜੇਲ੍ਹਾਂ ਭਾਵਨਾ ਗਰਗ ਆਈਏਐਸ, ਮੁਹੰਮ ਤਈਅਬ, ਆਈਏਐਸ, ਅਰੁਣਪਾਲ ਸਿੰਘ, ਆਈਪੀਐਸ, ਹਰਚਨ ਸਿੰਘ ਗਿੱਲ, ਸੁਪਰਡੰਟ ਕੇਂਦਰੀ ਜੇਲ੍ਹ ਲੁਧਿਆਣਾ ਕੁਲਵੰਤ ਸਿੰਘ ਅਤੇ ਹਰਬੰਸ ਸਿੰਘ ਦੇ ਨਾਲ਼ ਨਾਲ਼ ਪ੍ਰੋ. ਜਯੰਤੀ ਦੱਤਾ, ਡਾ. ਯੋਗ ਰਾਜ ਅੰਗਰਿਸ਼ ਅਤੇ ਪ੍ਰੋ. ਰਾਜੇਸ਼ ਕੁਮਾਰ ਜੈਸਵਾਲ ਦਾ ਵੀ ਧੰਨਵਾਦ ਕੀਤਾ।

