ਸਾਂਝਾ ਮੁਲਾਜ਼ਮ ਮੰਚ, ਪੰਜਾਬ ਵੱਲੋ ਭਰਾਤਰੀ ਜਥੇਬੰਦੀਆਂ ਨਾਲ਼ ਮੀਟਿੰਗ 13 ਜੂਨ ਨੂੰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜੂਨ:


ਸਾਂਝਾ ਮੁਲਾਜ਼ਮ ਮੰਚ, ਪੰਜਾਬ ਵੱਲੋ ਆਪਣੀਆਂ ਭਰਾਤਰੀ ਜਥੇਬੰਦੀਆਂ ਸਮੂਹ ਮੁਲਾਜ਼ਮ, ਪੈਨਸ਼ਨਰਜ਼, ਆਊਟਸੋਰਸ, ਠੇਕਾ ਮੁਲਾਜ਼ਮ, ਪੁਰਾਣੀ ਪੈਨਸ਼ਨ ਬਹਾਲ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਨੂੰ ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੇ ਸਾਂਝੇ ਮੰਚ ‘ਤੇ ਇਕੱਤਰ ਹੋ ਕੇ ਹੱਕੀ ਮੰਗਾਂ ਖਾਤਰ ਸੰਘਰਸ਼ ਵਿੱਢਣ ਲਈ 13 ਜੂਨ, 2026 ਨੂੰ ਸਵੇਰੇ 10.00 ਵਜੇ ਤੋਂ 3.00 ਵਜੇ ਤੱਕ ਅੰਬੇਡਕਰ ਭਵਨ, ਸੈਕਟਰ 69, ਐਸ.ਏ.ਐਸ. ਨਗਰ (ਮੋਹਾਲ਼ੀ) ਵਿਖੇ ਇੱਕ ਰੱਖੀ ਗਈ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸੱਦਾ ਪੱਤਰ ਰਾਹੀਂ ਇਨ੍ਹਾਂ ਸਮੂਹ ਮੁਲਾਜ਼ਮ ਜਥੇਬੰਦੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਨਿਸਚਿਤ ਸਮੇਂ ਅਤੇ ਸਥਾਨ ‘ਤੇ ਉਹ ਆਪਣੀ ਆਪਣੀ ਜਥੇਬੰਦੀ ਦੇ ਦੋ ਦੋ ਨੁਮਾਇੰਦਿਆਂ ਸਮੇਤ ਮੀਟਿੰਗ ਵਿੱਚ ਸ਼ਾਮਿਲ ਹੋ ਕੇ ਮੁਲਾਜ਼ਮ ਏਕਤਾ ਨੂੰ ਮਜ਼ਬੂਤ ਕਰਨ ਅਤੇ ਸਾਂਝੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ।
ਉਨ੍ਹਾਂ ਕਿਹਾ, ‘ਇਹ ਦੁੱਖ ਦੀ ਗੱਲ ਹੈ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦਾ ਹੱਲ ਕਰਨ ਦੀ ਬਜਾਏ ਲਾਠੀਚਾਰਜ, ਜ਼ਬਰਦਸਤੀ ਗ੍ਰਿਫਤਾਰੀਆਂ ਅਤੇ ਜੇਲ੍ਹਾਂ ਵਿੱਚ ਬੰਦ ਕਰਨ ਵਰਗੀਆਂ ਕਾਰਵਾਈਆਂ ਕੀਤੀਆਂ ਜਾ ਰਹੀ ਹਨ। ਇਸ ਮੁਲਾਜ਼ਮ ਵਿਰੋਧੀ ਰਵੱਈਏ ਦਾ ਡਟ ਕੇ ਮੁਕਾਬਲਾ ਕਰਨ ਅਤੇ ਸਮੂਹ ਮੁਲਾਜ਼ਮ ਵਰਗ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਇੱਕ ਸਾਂਝੇ ਸੰਘਰਸ਼ੀ ਮੰਚ ਦੀ ਲੋੜ ਹੈ, ਜਿਸ ਲਈ ਰਲ਼ ਕੇ ਸਿਰ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਮੁਲਾਜ਼ਮਾਂ ਦੇ ਹਰ ਵਰਗ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ। ਭਾਵੇਂ ਮੁਲਾਜ਼ਮ ਪੱਕੇ ਹੋਣ, ਠੇਕਾ ਆਧਾਰਿਤ ਹੋਣ ਜਾਂ ਆਊਟਸੋਰਸ ਕਰਮਚਾਰੀ ਹੋਣ, ਹਰ ਵਰਗ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਵੱਖ ਵੱਖ ਮੋਰਚਿਆਂ ‘ਤੇ ਸੰਘਰਸ਼ ਕਰ ਰਿਹਾ ਹੈ। ਪਰੰਤੂ ਅਫਸੋਸ ਦੀ ਗੱਲ ਹੈ ਕਿ ਸਰਕਾਰ ਇਨ੍ਹਾਂ ਨੂੰ ਬੁਰੀ ਤਰ੍ਹਾਂ ਅਣਦੇਖਿਆਂ ਕਰ ਲਈ ਹੈ, ਜੋ ਉਚਿਤ ਨਹੀਂ।’

