Breaking
www.sursaanjh.com > ਅੰਤਰਰਾਸ਼ਟਰੀ > ਸਫਲ ਰਿਹਾ ਮੇਹਰ ਮਿੱਤਲ ਨੂੰ ਸਮਰਪਿਤ ਲਘੂ ਫਿਲਮ ਫੈਸਟੀਵਲ 2026 – ਮਲਕੀਤ ਰੌਣੀ

ਸਫਲ ਰਿਹਾ ਮੇਹਰ ਮਿੱਤਲ ਨੂੰ ਸਮਰਪਿਤ ਲਘੂ ਫਿਲਮ ਫੈਸਟੀਵਲ 2026 – ਮਲਕੀਤ ਰੌਣੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੂਨ:

ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ (ਰਜਿ.) ਵੱਲੋਂ ਚੰਡੀਗੜ੍ਹ ਯੂਨੀਵਰਸਿਟੀ, ਘੜੂਆਂ (ਮੋਹਾਲ਼ੀ) ਦੇ ਸਹਿਯੋਗ ਨਾਲ਼ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਪੰਜਾਬੀ ਸਿਨਮੇ ਦੇ ਮਰਹੂਮ ਅਦਾਕਾਰ ਮੇਹਰ ਮਿੱਤਲ ਜੀ ਨੂੰ ਸਮਰਪਿਤ ਲਘੂ ਫਿਲਮ ਫੈਸਟੀਵਲ 2026 ਕਰਵਾਇਆ ਗਿਆ। ਇਸ ਤਿੰਨ ਰੋਜ਼ਾ ਲਘੂ ਫਿਲਮ ਫੈਸਟੀਵਲ ਵਿੱਚ ਸਿਉਂਕ, ਕਾਤਿਲ ਕੌਣ, ਭਿਖਾਰਨ, ਦਿਨ ਤੇ ਰਾਤ, ਜਿੱਤ ਦੇ ਨਿਸ਼ਾਨ, ਘੰਟੀ, ਪ੍ਰੋਟੀਨ ਸ਼ੇਕ, ਪਹੀਆ, ਕਾਲ਼ੀ ਬੋਲ਼ੀ ਰਾਤ, ਗਲ਼ੀ ਨੰਬਰ 5, ਫਿਸ਼ ਫਰਾਈ, ਲਵ ਗੇਮ, ਪੁਰਾਣੀ ਸਾਈਕਲ ਅਤੇ ਹਿਡਨ ਹੀਰੋਜ਼ ਦਿਖਾਈਟਾ ਗਈਆਂ, ਜਿਨ੍ਹਾਂ ਦਾ ਹਾਜ਼ਰ ਸ਼ਖਸੀਅਤਾਂ ਵੱਲੋਂ ਪੂਰਾ ਆਨੰਦ ਮਾਣਿਆਂ ਗਿਆ।

ਫੈਸਟੀਵਲ ਦੇ ਅੰਤਿਮ ਦਿਨ ਸੰਬੋਧਨ ਕਰਦਿਆਂ ਪ੍ਰਕਾਸ਼ ਗਾਧੂ ਨੇ ਕਿਹਾ ਕਿ ਇਸ ਤਿੰਨ ਰੋਜ਼ਾ ਫੈਸਟੀਵਲ ਵਿੱਚ ਦਿਖਾਈਆਂ ਗਈਆਂ ਲਘੂ ਫਿਲਮਾਂ ਨੂੰ ਆਪਾਂ ਸਾਰਿਆਂ ਨੇ ਨਿੱਠ ਕੇ ਮਾਣਿਆਂ ਹੈ। ਸ਼ਵਿੰਦਰ ਮਾਹਲ ਨੇ ਕਿਹਾ ਕਿ ਸਾਡੇ ਕੋਲ਼ ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ ਹਨ ਪਰ ਉਨ੍ਹਾਂ ਨੂੰ ਇੱਕ ਮਾਲ਼ਾ ਵਿੱਚ ਪਰੋਅ ਕੇ ਰੱਖਣਾ ਹੀ ਵਿਲੱਖਣ ਕਲਾ ਹੈ। ਇੱਥੇ ਹਾਜ਼ਰ ਨਿਰਦੇਸ਼ਕਾਂ ਨੂੰ ਇਹ ਮਾਣ ਪ੍ਰਾਪਤ ਹੈ ਕਿ ਉਨ੍ਹਾਂ ਨੇ ਫੁੱਲਾਂ ਨੂੰ ਵਧੀਆ ਢੰਗ ਨਾਲ਼ ਪਰੋਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ਼ ਵੀ ਬਹੁਤ ਫੁੱਲ ਹਨ ਪਰ ਮੈਨੂੰ ਵੀ ਮਾਲ਼ਾ ਬਣਾਉਣੀ ਨਹੀਂ ਆਉਂਦੀ, ਜਦਕਿ ਇਹ ਮਾਲ਼ਾ ਪਰੋਣੀ ਮਲਕੀਤ ਰੌਣੀ ਨੂੰ ਬਾਖੂਬੀ ਆਉਂਦੀ ਹੈ। ਇਹ ਪੜ੍ਹਦਾ ਬਹੁਤ ਹੈ। ਇਸ ਦੀ ਲਾਇਬਰੇਰੀ ਵਿੱਚ ਪੰਜ ਹਜ਼ਾਰ ਦੇ ਕਰੀਬ ਬੁਕਸ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵੀ ਸਾਰਿਆਂ ਸਾਹਿਤ ਪੜ੍ਹਨਾ ਚਾਹੀਦਾ ਹੈ। ਮਰਹੂਮ ਮੇਹਰ ਮਿੱਤਲ ਜੀ ਦੀ ਬੇਟੀ ਨੀਨਾ ਮਿੱਤਲ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਡੈਡੀ ਦੇ ਨਾਂ ’ਤੇ ਅੱਜ ਫੈਸਟੀਵਲ ਹੋ ਰਿਹਾ ਹੈ। ਮੇਰੇ ਡੈਡੀ ਵਿੱਚ ਕਰੁਣਾ, ਦਇਆ ਤੇ ਰਹਿਮ ਭਾਵ ਬਹੁਤ ਸੀ। ਫਿਲਮਾਂ ਵਿੱਚ ਕੰਮ ਕਰਨ ਬਦਲੇ ਕੋਈ ਜੋ ਕੁਝ ਉਨ੍ਹਾਂ ਨੂੰ ਦਿੰਦਾ ਸੀ, ਉਹ ਲੈ ਕੇ ਹੀ ਫਿਲਮ ਵਿੱਚ ਕੰਮ ਕਰ ਦਿੰਦੇ ਸਨ। ਉਨ੍ਹਾਂ ਦਿਨਾਂ ਵਿੱਚ ਕੋਈ ਵੀ ਫਿਲਮ ਉਨ੍ਹਾਂ ਬਿਨਾਂ ਅਧੂਰੀ ਮੰਨੀ ਜਾਂਦੀ ਸੀ। ਉਨ੍ਹਾਂ ਆਪਣੇ ਡੈਡੀ ਮਿਹਰ ਮਿੱਤਲ ਨਾਲ਼ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਦਰਸ਼ਕਾਂ ਨਾਲ਼ ਸਾਂਝਾ ਕੀਤਾ। ਫੈਸਟੀਵਲ ਦੇ ਅਖੀਰ ਵਿੱਚ ਬਨਿੰਦਰ ਬਨੀ ਨੇ ਦਿਖਾਈਆਂ ਗਈਆਂ ਸਾਰੀਆਂ ਲਘੂ ਫਿਲਮਾਂ ਵਿੱਚੋਂ ਚੁਣੀਆਂ ਗਈਆਂ ਦੋ ਫਿਲਮਾਂ ਕਾਲ਼ੀ ਬੋਲੀ ਰਾਤ ਅਤੇ ਹਿਡਨ ਹੀਰੋਜ਼ ਨੂੰ ਤੀਜਾ ਇਨਾਮ, ਦੋ ਫਿਲਮਾਂ ਦਿਨ ਤੇ ਰਾਤ ਅਤੇ ਹੋਪ ਨੂੰ ਦੂਜਾ ਇਨਾਮ ਅਤੇ ਇਸੇ ਤਰ੍ਹਾਂ ਫਿਲਮ ਘੰਟੀ ਲਈ ਪਹਿਲਾ ਇਨਾਮ ਘੋਸ਼ਿਤ ਕੀਤਾ ਗਿਆ। ਇਸ ਮੌਕੇ ਇਨ੍ਹਾਂ ਪੰਜਾਂ ਫਿਲਮਾਂ ਦੇ ਡਾਇਰੈਕਟਰਾਂ, ਪ੍ਰੋਡਿਊਸਰਾਂ ਅਤੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਦੀਦਾਰ ਗਿੱਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਮਲਕੀਤ ਰੌਣੀ ਵੱਲੋਂ ਮੰਚ ਸੰਚਾਲਨ ਦੌਰਾਨ ਭਾਵਪੂਰਤ ਟਿੱਪਣੀਆਂ ਨਾਲ਼ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਫਿਲਮਾਂ ਨਾਲ਼ ਜੁੜੀਆਂ ਸ਼ਖਸੀਅਤਾਂ ਅਤੇ ਕਲਾਕਾਰ ਹਾਜ਼ਰ ਸਨ।

Leave a Reply

Your email address will not be published. Required fields are marked *