www.sursaanjh.com > ਅੰਤਰਰਾਸ਼ਟਰੀ > ਦਰਸ਼ਨ ਸਿੰਘ ਧਾਲੀਵਾਲ ਦੇ ਨਵੇਂ ਛਪੇ ਨਾਵਲ “ਮਹਿਮਾਨ” ’ਤੇ ਵਿਚਾਰ ਚਰਚਾ ਅਤੇ ਕਵੀ ਦਰਬਾਰ

ਦਰਸ਼ਨ ਸਿੰਘ ਧਾਲੀਵਾਲ ਦੇ ਨਵੇਂ ਛਪੇ ਨਾਵਲ “ਮਹਿਮਾਨ” ’ਤੇ ਵਿਚਾਰ ਚਰਚਾ ਅਤੇ ਕਵੀ ਦਰਬਾਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜੂਨ:

ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ ਨਗਰ ਨਿਗਮ ਦੀ ਸਥਾਨਕ  ਪਬਲਿਕ ਲਾਇਬ੍ਰੇਰੀ, ਸੈਕਟਰ 69 ਵਿਖੇ ਡਾ. ਸ਼ਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਮੀਟਿੰਗ ਵਿੱਚ ਦਰਸ਼ਨ ਸਿੰਘ ਧਾਲੀਵਾਲ ਦੇ ਨਵੇਂ ਛਪੇ ਨਾਵਲ “ਮਹਿਮਾਨ”, ਡਾ. ਦੀਪਕ ਮਨਮੋਹਨ ਸਿੰਘ, ਡਾ. ਸ਼ਿੰਦਰਪਾਲ ਸਿੰਘ, ਡਾ. ਸਵੈਰਾਜ ਸੰਧੂ, ਡਾ. ਨਿਰਮਲ ਸਿੰਘ ਬਾਸੀ, ਸ. ਹਰਿੰਦਰ ਹਰ, ਸ. ਭੁਪਿੰਦਰ ਸਿੰਘ ਮਟੌਰਵਾਲਾ, ਲੇਖਕ ਦਰਸ਼ਨ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੋਕ ਅਰਪਣ ਕੀਤਾ ਗਿਆ। ਵਿਚਾਰ-ਵਟਾਂਦਰੇ ਦੌਰਾਨ ਡਾ. ਸਵੈਰਾਜ ਸੰਧੂ ਨੇ ਕਿਹਾ ਕਿ ਲੇਖਕ ਦੇ ਪਿਛਲੇ ਨਾਵਲਾਂ ‘ਕੁੱਖਾਂ ਦੀ ਪੰਡ’, ‘ਅਹਿਸਾਸ’, ‘ਬਿਰਧ ਆਸ਼ਰਮ’, ‘ਮੇਰਾ ਘਰ’ ਦੀ ਤੁਲਨਾ ਵਿਚ ‘ਮਹਿਮਾਨ’ ਦੀ ਲਿਖਣ ਸ਼ੈਲੀ, ਪਾਤਰਾਂ ਦੀ ਵਾਸਤਵਿਕਤਾ ਅਤੇ ਸਹਿਜਤਾ ਵਿਚ ਨਿਖਾਰ ਆਇਆ ਹੈ। ਲੇਖਕ ਦੀ ਕਲਮ ਸਮਾਜਿਕ ਰਿਸ਼ਤਿਆਂ ਦੀ ਸਮਝ ਪ੍ਰਤੀ ਪ੍ਰੌੜ੍ਹ ਹੋਈ ਹੈ। ਹਾਲਾਂਕਿ ਸਥਾਨਕ ਸ਼ਬਦਾਵਲੀ ਦੇ ਕੇਂਦਰੀ-ਬਦਲ ਲੱਭੇ ਜਾ ਸਕਦੇ ਸਨ ਅਤੇ ਰਿਸ਼ਤਿਆਂ ਵਿਚ ਬੇਲੋੜੀ ਭਾਵੁਕਤਾ ਪਾਠਕ ਲਈ ਖੜੋਤ ਪੈਦਾ ਕਰਦੀ ਹੈ। ਸਮੂੱਚੇ ਰੂਪ ਵਿਚ ਇਹ ਨਾਵਲ ਲੇਖਕ ਦੀ ਲੇਖਣੀ ਦੇ ਪੜਾਅ ਵਿਚ ਵਾਧਾ ਕਰਦਾ ਹੈ। ਡਾ. ਨਿਰਮਲ ਸਿੰਘ ਬਾਸੀ ਨੇ ਨਾਵਲ ਦੇ ਕਲੇਵਰ ਦੀ ਪ੍ਰਸੰਸਾ ਕੀਤੀ ਅਤੇ ਸਮਾਜਿਕ ਰਿਸ਼ਤਿਆਂ ਨੂੰ ਗਹਿਨਤਾ ਨਾਲ ਪੇਸ਼ ਕਰਨ ਦਾ ਸਵਾਗਤ ਕੀਤਾ। ਸ. ਭੁਪਿੰਦਰ ਸਿੰਘ ਮਟੌਰਵਾਲਾ ਨੇ ਨਾਵਲ ਨੂੰ ਰੋਚਕ ਅਤੇ ਪਾਠਕ ਦੀ ਦਿਲਚਸਪੀ ਕਾਇਮ ਰੱਖਣ ਵਾਲਾ ਦੱਸਿਆ।

ਲੇਖਕ ਦੀ ਬੇਟੀ ਅਮਰਪ੍ਰੀਤ ਕੌਰ ਨੇ ਲੇਖਕ ਦੇ ਲਿਖਣ ਕ੍ਰਮ ਅਤੇ ਪਰਿਵਾਰ-ਲੋਕਾਂ ਪ੍ਰਤੀ ਪਿਆਰ ਦਾ ਜ਼ਿਕਰ ਕੀਤਾ। ਨਾਵਲਕਾਰ ਦਰਸ਼ਨ ਸਿੰਘ ਧਾਲੀਵਾਲ ਨੇ ਸੁਝਾਵਾਂ ਦਾ ਸਵਾਗਤ ਕੀਤਾ ਅਤੇ ਅੱਗੇ ਤੋਂ ਨਾਵਲ ਵਿਧਾ ‘ਤੇ ਵਧੇਰੇ ਫੋਕਸ ਕਰਨ ਦਾ ਭਰੋਸਾ ਦਿੱਤਾ। ਡਾ. ਦੀਪਕ ਮਨਮੋਹਨ ਸਿੰਘ ਨੇ ਸੁਝਾਅ ਦਿੱਤਾ ਕਿ ਚਰਚਾ ਤੋਂ ਪਹਿਲਾਂ ਅਦੀਬਾਂ ਨੂੰ ਕਿਤਾਬ ਮੁਹੱਈਆ ਕਰਵਾਈ ਜਾਵੇ ਅਤੇ ਚੋਣਵੇਂ ਅਦੀਬਾਂ ਤੋਂ ਪਰਚਾ ਪੜ੍ਹਵਾਉਣ ਦਾ ਅਗਾਊਂ ਪ੍ਰਬੰਧ ਹੋਵੇ। ਇਸ ਮੌਕੇ ਕਵੀ ਦਰਬਾਰ ਦਾ ਸੰਚਾਲਨ ਹਰਿੰਦਰ ਹਰ ਨੇ ਆਪਣੇ ਗੀਤ ਨਾਲ ਕੀਤਾ। ਇਸ ਉਪਰੰਤ ਭੁਪਿੰਦਰ ਸਿੰਘ ਮਟੌਰਵਾਲਾ, ਬਲਵਿੰਦਰ ਸਿੰਘ ਢਿੱਲੋਂ, ਮਲਕੀਅਤ ਸਿੰਘ ਨਾਗਰਾ, ਸੁਰਿੰਦਰ ਸਿੰਘ ਗਿੱਲ, ਸਰਬਜੀਤ ਸਿੰਘ, ਅੰਸ਼ੂਕਰ ਮਹੇਸ਼, ਦਰਸ਼ਨ ਤਿਉਣਾ, ਇੰਦਰਜੀਤ ਸਿੰਘ ਜਾਵਾ ਅਤੇ ਰਤਨ ਬਾਬਕਵਾਲਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਡਾ. ਸ਼ਿੰਦਰਪਾਲ ਸਿੰਘ ਨੇ ਨਾਵਲ ‘ਤੇ ਗੰਭੀਰ ਵਿਚਾਰ ਪੇਸ਼ ਕਰਦਿਆਂ ਸੰਸਾਰ-ਸਾਹਿਤ ਵਿਚ ਵੱਡੇ ਨਾਵਲਕਾਰਾਂ ਵੱਲੋਂ ਸਥਾਨਕ ਸ਼ਬਦਾਵਲੀ ਦੀ ਵਰਤੋਂ ਦਾ ਹਵਾਲਾ ਦਿੱਤਾ। ਉਨ੍ਹਾਂ ਕਵੀਆਂ ਦੀਆਂ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਕੁਝ ਸੁਝਾਅ ਵੀ ਦਿੱਤੇ ਅਤੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *