Breaking
www.sursaanjh.com > ਅੰਤਰਰਾਸ਼ਟਰੀ > ਡਾ. ਮਨਮੋਹਨ ਨੂੰ ਮਿਲੇਗਾ ‘ਭੂਸ਼ਨ ਧਿਆਨਪੁਰੀ ਯਾਦਗਾਰੀ ਲਾਈਫ ਟਾਈਮ ਅਚੀਵਮੈਂਟ ਅਵਾਰਡ’

ਡਾ. ਮਨਮੋਹਨ ਨੂੰ ਮਿਲੇਗਾ ‘ਭੂਸ਼ਨ ਧਿਆਨਪੁਰੀ ਯਾਦਗਾਰੀ ਲਾਈਫ ਟਾਈਮ ਅਚੀਵਮੈਂਟ ਅਵਾਰਡ’

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜੁਲਾਈ:

ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਹਰ ਸਾਲ ‘ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਪੁਰਸਕਾਰ’ ਦਿੱਤਾ ਜਾਂਦਾ ਹੈ। ਹੁਣ ਇਸ ਨੂੰ ਬਦਲੇ ਹੋਏ ਰੂਪ ਵਿੱਚ ‘ਭੂਸ਼ਨ ਧਿਆਨਪੁਰੀ ਲਾਈਫ ਟਾਈਮ ਅਚੀਵਮੈਂਟ ਅਵਾਰਡ’ ਵਜੋਂ ਪ੍ਰਦਾਨ ਕੀਤਾ ਜਾਵੇਗਾ। ਇਸ ਸਨਮਾਨ ਵਿੱਚ 51 ਹਜ਼ਾਰ ਰੁਪਏ ਨਕਦ, ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਵੇਗਾ। ਇਸ ਸਨਮਾਨ ਦੀ ਖ਼ਾਸੀਅਤ ਇਹ ਹੋਵੇਗੀ ਕਿ ਸਨਮਾਨਿਤ ਲੇਖਕ ਦੇ ਸਾਹਿਤਕ ਕਾਰਜ ਨੂੰ ਪੂਰੇ ਸਾਲ ਸਮਾਗਮਾਂ ਤੇ ਚਰਚਾਵਾਂ ਦੇ ਰੂਪ ਵਿੱਚ ਅੱਗੇ ਲਿਆਂਦਾ ਜਾਵੇਗਾ। ਇਹ ਪਹਿਲਾ ਸਨਮਾਨ ਉੱਘੇ ਕਵੀ, ਨਾਵਲਕਾਰ, ਚਿੰਤਕ ਅਤੇ ਆਲੋਚਕ ਡਾ. ਮਨਮੋਹਨ ਨੂੰ ਦਿੱਤਾ ਜਾਵੇਗਾ। ਵੱਖ-ਵੱਖ ਵਿਧਾਵਾਂ ਵਿੱਚ ਉਨ੍ਹਾਂ ਦੀਆਂ 43 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਨਾਵਲ ‘ਨਿਰਵਾਣ’ (2013) ਲਈ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਵੀ ਪ੍ਰਾਪਤ ਹੋ ਚੁੱਕਿਆ ਹੈ। ਪੰਜਾਬੀ ਅਕਾਦਮੀ, ਦਿੱਲੀ ਅਤੇ ਭਾਸ਼ਾ ਵਿਭਾਗ ਵੱਲੋਂ ਵੀ ਉਨ੍ਹਾਂ ਨੂੰ ਸ਼੍ਰੋਮਣੀ ਸਾਹਿਤਕਾਰ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।

ਸੰਸਥਾਗਤ ਕਾਰਜਾਂ ਵਿੱਚ ਵੀ ਉਨ੍ਹਾਂ ਦਾ ਉੱਘਾ ਯੋਗਦਾਨ ਹੈ। ਚੰਡੀਗੜ੍ਹ ਸਾਹਿਤ ਅਕਾਦਮੀ ਵਿੱਚ ਪਹਿਲਾਂ ਉਹ ਵਾਈਸ ਚੇਅਰਮੈਨ ਰਹੇ ਅਤੇ ਫਿਰ ਚੇਅਰਮੈਨ ਹੁੰਦੇ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਆਯੋਜਿਤ ਕਰਨ ਦੇ ਨਾਲ-ਨਾਲ ਅਕਾਦਮੀ ਵੱਲੋਂ ਉਨ੍ਹਾਂ ਯੁਵਾ ਤੇ ਬਾਲ ਸਨਮਾਨਾਂ ਦੀ ਨਵੀਂ ਪਿਰਤ ਪਾਈ। ਉਹ ਆਈ.ਬੀ. ਦੇ ਸਪੈਸ਼ਲ ਡੀ.ਜੀ.ਪੀ. ਦੇ ਮਹੱਤਵਪੂਰਨ ਅਹੁਦੇ ਤੋਂ ਰਿਟਾਇਰ ਹੋ ਕੇ ਇਸ ਵੇਲੇ ਨੈਸ਼ਨਲ ਸਿਕਿਊਰਿਟੀ ਕਾਊਂਸਲ, ਭਾਰਤ ਸਰਕਾਰ ਦੇ ਸਲਾਹਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋਫੈਸਰ ਆਫ਼ ਐਮੀਨੈਂਸ ਹਨ। ਸਨਮਾਨ ਚੋਣ ਕਮੇਟੀ ਵਿਚ ਕਹਾਣੀਕਾਰ ਬਲੀਜੀਤ, ਗੁਲ ਚੌਹਾਨ, ਸੰਸਥਾ ਦੇ ਜਨਰਲ ਸਕੱਤਰ ਸ਼ਾਇਰ ਜਗਦੀਪ ਸਿੱਧੂ, ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਅਤੇ ਸੰਸਥਾ ਦੇ ਸਰਪ੍ਰਸਤ ਉੱਘੇ ਸ਼ਾਇਰ ਸੁਖਵਿੰਦਰ ਕੰਬੋਜ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਡਾ. ਮਨਮੋਹਨ ਇੱਕ ਬਹੁਪੱਖੀ ਸਾਹਿਤਕਾਰ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਦਸ਼ਾ ਤੇ ਦਿਸ਼ਾ ਨੂੰ ਮਹੱਤਵਪੂਰਨ ਮੋੜ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਚਿੰਤਨ ਤੇ ਆਲੋਚਨਾ ਵਿੱਚ ਡਾ. ਮਨਮੋਹਨ ਦੇ ਕਾਰਜ ਨੇ ਸੰਸਾਰ ਦਾ ਬੂਹਾ ਖੋਲ੍ਹਿਆ ਹੈ। ਇਸ ਸਨਮਾਨ ਨਾਲ ਸੰਸਥਾ ਦਾ ਵੀ ਮਾਣ ਵਧੇਗਾ। ਉੱਘੇ ਲੇਖਕ ਭੁਪਿੰਦਰ ਸਿੰਘ ਮਾਨ, ਸੰਦੀਪ ਜਸਵਾਲ, ਧਰਮਿੰਦਰ ਸੇਖੋਂ, ਸੁਖਵਿੰਦਰ ਸਿੱਧੂ, ਪੰਜਾਬ ਯੂਨੀਵਰਸਿਟੀ ਤੋਂ ਡਾ. ਪ੍ਰਵੀਨ ਕੁਮਾਰ, ਸੁਰ ਸਾਂਝ ਕਲਾ ਮੰਚ ਦੇ ਪ੍ਰਧਾਨ, ਸ਼ਾਇਰ, ਵਾਰਤਕਕਾਰ ਸੁਰਜੀਤ ਸੁਮਨ ਨੇ ਇਸ ਚੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਡਾ. ਮਨਮੋਹਨ ਦੀ ਪੰਜਾਬੀ ਸਾਹਿਤ ਲਈ ਵੱਡੀ ਦੇਣ ਹੈ। ਇਸ ਨਾਲ ਸਨਮਾਨ ਦੀ ਸਾਰਥਿਕਤਾ ਵਧੇਗੀ। ਇਹ ਸਨਮਾਨ ਚੰਡੀਗੜ੍ਹ ਵਿਖੇ ਸਤੰਬਰ ਦੇ ਪਹਿਲੇ ਹਫ਼ਤੇ ਡਾ. ਮਨਮੋਹਨ ਨੂੰ ਪ੍ਰਦਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *