ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜੁਲਾਈ:


ਹਰਪਾਲ ਸਿੰਘ ਮੈਨੇਜਿੰਗ ਟਰੱਸਟੀ ਦੀ ਦੇਖ-ਰੇਖ ਵਿਚ ਸੈਕਟਰ-28 ਚੰਡੀਗੜ੍ਹ ਵਿਖੇ ਚੱਲ ਰਹੇ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸਿੱਖਿਆ ਪ੍ਰੋਜੈਕਟਾਂ ਦੇ ਸਬੰਧ ਵਿੱਚ ਸੰਸਥਾ ਵੱਲੋਂ ਅੱਜ ਪ੍ਰੋਜੈਕਟ ਇੰਚਾਰਜ਼ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਕੁਆਰਡੀਨੇਟਰ ਸੰਦੀਪ ਸਿੰਘ ਨੇ ਰੋਪੜ ਜ਼ਿਲ੍ਹੇ ਦੇ ਰਮੋਟ ਏਰੀਏ ਵਿੱਚ ਚੱਲ ਰਹੇ ਸੈਂਟਰਾਂ ਦਾ ਦੌਰਾ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕਾਂ ਨੂੰ ਮਾਣ ਭੱਤੇ ਦੇ ਚੈੱਕ, ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਅਜਿਹਾ ਹੀ ਇਕ ਸਮਾਗਮ ਸਰਕਾਰੀ ਸਮਾਰਟ ਸਕੂਲ ਮਾਣਕ ਮਾਜਰਾ ਨੇੜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੇ ਮੁੱਖ ਅਧਿਆਪਕ ਵਸ਼ਿੰਗਟਨ ਸਿੰਘ ਅਤੇ ਬੱਚੇ ਵੀ ਹਾਜ਼ਰ ਸਨ। ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਸਕੂਲ ਦੀ ਵਲੰਟੀਅਰ ਅਧਿਆਪਕਾ ਸੰਤੋਸ਼ ਕੁਮਾਰੀ ਨੂੰ ਵਿਸ਼ੇਸ਼ ਤੌਰ ’ਤੇ ਮਾਣ ਭੱਤੇ ਦਾ ਚੈੱਕ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸੰਸਥਾ ਦੇ ਸਹਿਯੋਗ ਲਈ ਦੂਜੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇੱਥੇ ਇਹ ਦੱਸਣਯੋਗ ਹੈ ਕਿ ਇਸ ਸੈਂਟਰ ਦੇ 3 ਬੱਚੇ ਨਵੋਦਿਆਂ ਸਕੂਲ ਲਈ ਪਾਸ ਹੋਏ ਹਨ ਅਤੇ ਇੱਕ ਬੱਚੀ ਪਰਮਪ੍ਰੀਤ ਕੌਰ ਨੂੰ ਜੋ ਨਵੋਦਿਆ ਸਕੂਲ ਸੰਧੂਆਂ ਵਿਖੇ ਦਾਖਲ ਹੋਈ, ਹੈ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਪ੍ਰਿੰ. ਬਹਾਦਰ ਸਿੰਘ ਗੋਸਲ ਰਚਿਤ ਪੁਸਤਕਾਂ ਬੱਚਿਆਂ ਵਿੱਚ ਵੰਡੀਆਂ ਗਈਆਂ ਤਾਂ ਜੋ ਬੱਚਿਆਂ ਵਿਚ ਪੜ੍ਹਾਈ ਦੀ ਲਗਨ, ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪ੍ਰੇਰਣਾ ਦਿੱਤੀ ਜਾ ਸਕੇ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਅੰਤ ਵਿਚ ਮੁੱਖ ਅਧਿਆਪਕ ਵਸ਼ਿੰਗਟਨ ਸਿੰਘ ਨੇ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸੰਦੀਪ ਸਿੰਘ ਦਾ ਧੰਨਵਾਦ ਕੀਤਾ।

