ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੁਲਾਈ:
ਸੁਪਨੇ ਜਿਹੀ ਹਕੀਕਤ ਦੀ ਰਿਹਾਇਸ਼ ਵਿੱਚ
ਤੇਰ-ਮੇਰ ਤੋਂ ਪਰੇ ਉੱਠਦੀ ਖਵਾਇਸ਼ ਵਿੱਚ।
ਕਿਸੇ ਖਿਆਲ ‘ਚ ਉਲਝਿਆ ਹਸੀਨ ਪਲ ਜਾਣਦਾ
ਕੁਝ ਗੱਲਾਂ ਮੈਂ ਤੇ ਮੇਰਾ ਇਕੱਲ ਜਾਣਦਾ।
ਕੋਈ ਘੜੀ ਕਿਸੇ ਪਹਿਰ ਨੂੰ ਹੀ ਤਰਸਦੀ
ਬੂੰਦ ਸਬਰ ਕਰ ਬੈਠ ਗਈ ਨਾ ਵਰਸਦੀ।


ਇਨ੍ਹਾਂ ਚੱਕਰਾਂ ‘ਚ ਚੜ੍ਹਦਾ ਲਹਿੰਦਾ ਝੱਲ ਜਾਣਦਾ
ਕੁਝ ਗੱਲਾਂ ਮੈਂ ਤੇ ਮੇਰਾ ਇਕੱਲ ਜਾਣਦਾ।
ਕਿੰਨੀ ਪੀੜ ਕਿੰਨਾ ਕੁ ਸੁੱਖ ਆਉਂਦਾ ਏ
ਰੱਬ ਜਾਣੇ ਕਿਵੇਂ ਕਿਉਂ ਦੁੱਖ ਆਉਂਦਾ ਏ।
ਇਨ੍ਹਾਂ ਗੱਲਾਂ ‘ਚ ਲੱਗਾ ਬੇਬਸ ਪਲ ਜਾਣਦਾ
ਕੁਝ ਗੱਲਾਂ ਮੈਂ ਤੇ ਮੇਰਾ ਇਕੱਲ ਜਾਣਦਾ।
ਇਹ ਕੜੀ ਨਾਜ਼ੁਕ ਏ ਬੜੀ ਰਿਸ਼ਤਿਆਂ ਦੀ
ਹੁੰਦੀ ਅਪਣੀ ਹੀ ਮੌਜ ਏ ਫਰਿਸ਼ਤਿਆਂ ਦੀ।
ਕਿਹੜਾ ਕੀਹਦੀ ਜਕੜ ‘ਚ ਫਸਿਆ ਹੱਲ ਜਾਣਦਾ
ਕੁਝ ਗੱਲਾਂ ਮੈਂ ਤੇ ਮੇਰਾ ਇਕੱਲ ਜਾਣਦਾ।
ਢਿੱਡ ਨੰਗਾ ਨੀਂ ਕਰ ਕੇ ਦਿਖਾ ਹੁੰਦਾ ਤੇਜੀ
ਲਿਖੇ ਪੰਨੇ ‘ਤੇ ਹੋਰ ਨਹੀਂ ਲਿਖਾਅ ਹੁੰਦਾ ਤੇਜੀ।
ਵਗਦਾ ਨੀਰ ਖਲੋਅ ਕੇ ਬਣਿਆ ਦਲਦਲ ਜਾਣਦਾ
ਕੁਝ ਗੱਲਾਂ ਮੈਂ ਤੇ ਮੇਰਾ ਇਕੱਲ ਜਾਣਦਾ।
ਤੇਜਿੰਦਰ ਸਿੰਘ ਤੇਜੀ
ਮਾਡਲ ਟਾਊਨ (ਕੁਰਾਲੀ)
9646024480

