ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ ), 16 ਜੁਲਾਈ:


ਸਾਹਿਤਕਾਰ ਸੁੱਚਾ ਸਿੰਘ ਅਧਰੇੜਾ ਦੀਆਂ ਦੋ ਕਾਵਿ ਪੁਸਤਕਾਂ ‘ਪਲੇਠੀ-ਪਛੇਤੀ’ ਅਤੇ ‘ਬਾਸੀ ਪੰਖੜੀਆਂ ਦੀ ਖੁਸ਼ਬੋ’ ਸਟਾਰ ਲਾਈਟ ਹੋਟਲ ਵਿਖੇ ਲੋਕ ਅਰਪਣ ਕੀਤੀਆਂ ਗਈਆਂ। ਨੌਜਵਾਨ ਸਾਹਿਤ ਸਭਾ ਮੋਰਿੰਡਾ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੇ ਮੁੱਖ ਮਹਿਮਾਨ ਬਹਾਦਰ ਸਿੰਘ ਓ.ਕੇ. ਪ੍ਰਧਾਨ ਨਗਰ ਕੌਂਸਲ ਕੁਰਾਲੀ ਸਨ, ਜਦੋਂ ਕਿ ਸੁਰਿੰਦਰ ਸਿੰਘ ਰਸੂਲਪੁਰ, ਯਤਿੰਦਰ ਮਾਹਲ ਰੋਪੜ ਅਤੇ ਰਾਜ ਕੁਮਾਰ ਸਾਹੋਵਾਲੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਸੁੱਚਾ ਸਿੰਘ ਅਧਰੇੜਾ ਨੇ 12 ਪੁਸਤਕਾਂ ਲਿਖਣ ਤੋਂ ਬਾਅਦ ਇਹ ਦੋ ਹੋਰ ਪੁਸਤਕਾਂ ਪਾਠਕਾਂ ਦੇ ਸਨਮੁਖ ਕੀਤੀਆਂ ਹਨ। ਇਸ ਸਮੇਂ ਬਹਾਦਰ ਸਿੰਘ ਓ.ਕੇ. ਨੇ ਲੇਖਕ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ 96 ਸਾਲ ਦੀ ਉਮਰ ਵਿੱਚ ਵੀ ਸਾਹਿਤਕ ਪੁਸਤਕਾਂ ਰਾਹੀਂ ਸਮਾਜ ਦੀ ਸੇਵਾ ਨੂੰ ਸਾਹਿਤ ਨਾਲ ਜੋੜਨਾ ਇੱਕ ਸ਼ਲਾਘਾਯੋਗ ਉਦਮ ਹੈ।
ਸਮਾਗਮ ਵਿੱਚ ਸਰੋਤਿਆਂ ਨੂੰ ਜਲੌਰ ਸਿੰਘ ਖੀਵਾ, ਨਾਵਲਕਾਰ ਸੰਤਵੀਰ ਖਰੜ, ਪਰਦੀਪ ਕੁਮਾਰ ਰੂੜਾ ਐਮ.ਸੀ. ਕੁਰਾਲੀ ਅਤੇ ਕਹਾਣੀਕਾਰ ਸਰੂਪ ਸਿਆਲਵੀ ਨੇ ਸੰਬੋਧਨ ਕਰਦੇ ਹੋਏ ਸੁੱਚਾ ਸਿੰਘ ਅਧਰੇੜਾ ਨੂੰ ਇਸ ਸਾਹਿਤਕ ਕਾਰਜ ਲਈ ਵਧਾਈ ਦਿੱਤੀ। ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਇਨ੍ਹਾਂ ਦੋਵੇਂ ਪੁਸਤਕਾਂ ’ਤੇ ਪਰਚਾ ਪੜ੍ਹ ਕੇ ਰਚਨਾਵਾਂ ਬਾਰੇ ਚਰਚਾ ਕੀਤੀ। ਇਸ ਸਾਹਿਤਕ ਸਮਾਗਮ ਵਿੱਚ ਪਹੁੰਚੇ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ, ਹਰਦੀਪ ਗਿੱਲ ਅਤੇ ਕੁਲਵਿੰਦਰ ਸਿੰਘ ਖੈਰਾਬਾਦ ਨੇ ਤਰੱਨਮ ਵਿੱਚ ਗੀਤ ਸੁਣਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਅਮਰਜੀਤ ਕੌਰ ਮੋਰਿੰਡਾ, ਜਸਵਿੰਦਰ ਸਿੰਘ ਕਾਈਨੌਰ, ਨਿਰਮਲ ਸਿੰਘ ਅਧਰੇੜਾ, ਸੰਤੋਖ ਸਿੰਘ ਸੋਖਾ ਕੰਧੋਲਾ, ਜਸਕੀਰਤ ਸਿੰਘ ਕੁਰਾਲੀ, ਅਸ਼ਵਨੀ ਕੁਮਾਰ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਹਰਜੀਤ ਕੌਰ ਮਾਵੀ ਚਮਕੌਰ ਸਾਹਿਬ, ਗੁਰਸੁਰਤ ਸਿੰਘ ਮੋਹਾਲੀ, ਛਿੱਬਰ ਸਹੇੜੀ, ਡਾ. ਦਵਿੰਦਰ ਸਿੰਘ, ਹਿੰਮਤ ਸਿੰਘ ਖਰੜ ਤੋਂ ਇਲਾਵਾ ਸਾਹਿਤਕਾਰ ਸੁੱਚਾ ਸਿੰਘ ਅਧਰੇੜਾ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਮੰਚ ਸੰਚਾਲਕ ਦੀ ਭੂਮਿਕਾ ਰਾਬਿੰਦਰ ਸਿੰਘ ਰੱਬੀ ਮੋਰਿੰਡਾ ਨੇ ਬਾਖੂਬੀ ਨਿਭਾਈ।

