Breaking
www.sursaanjh.com > ਅੰਤਰਰਾਸ਼ਟਰੀ > ‘ਉੱਚਾ ਦਰ ਬਾਬੇ ਨਾਨਕ ਦਾ’ ਅਦਾਰੇ ਨੂੰ ਚੰਡੀਗੜ੍ਹ ਤੋਂ ਯਾਤਰਾ ਬੱਸ ਲਗਾਉਣ ਦੀ ਮੰਗ

‘ਉੱਚਾ ਦਰ ਬਾਬੇ ਨਾਨਕ ਦਾ’ ਅਦਾਰੇ ਨੂੰ ਚੰਡੀਗੜ੍ਹ ਤੋਂ ਯਾਤਰਾ ਬੱਸ ਲਗਾਉਣ ਦੀ ਮੰਗ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਜੁਲਾਈ:

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਵਿਸ਼ੇਸ਼ ਤੌਰ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਥਾਨਾਂ ਲਈ ਚਲਾਈਆਂ ਜਾ ਰਹੀਆਂ ਮੁਫਤ ਯਾਤਰਾ ਬੱਸਾਂ ਵਿਚੋਂ ਇੱਕ ਬੱਸ ਚੰਡੀਗੜ੍ਹ ਤੋਂ ‘ਉੱਚਾ  ਦਰ  ਬਾਬੇ  ਨਾਨਕ  ਦਾ’ ਅਦਾਰਾ ਸੰਭੂ ਬੈਰੀਅਰ ਲਈ ਵੀ ਹਰ ਰੋਜ਼ ਲਈ ਪੱਕੇ ਤੌਰ ’ਤੇ ਲਗਾਈ ਜਾਵੇ ਤਾਂ ਜੋ ਯਾਤਰੂਆਂ ਨੂੰ ਹਰ ਰੋਜ਼ ‘ਉੱਚਾ ਦਰ ਬਾਬੇ ਨਾਨਕ ਦਾ’ ਅਦਾਰੇ ਦੇ ਦਰਸ਼ਨ ਕਰਵਾ ਕੇ ਸੰਗਤਾਂ ਨੂੰ ਵਾਪਸ ਚੰਡੀਗੜ੍ਹ ਲੈ ਕੇ ਆਵੇ। ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਰਾਜਪੁਰੇ ਦੇ ਨਜ਼ਦੀਕ ਜੀ.ਟੀ. ਰੋਡ ’ਤੇ ਬਣਿਆ ‘ਉੱਚਾ  ਦਰ  ਬਾਬੇ  ਨਾਨਕ ਦਾ’ ਅਦਾਰਾ ਇਕ ਵਿਲੱਖਣ ਸੋਚ ਦਾ ਪ੍ਰਤੀਕ ਹੈ, ਪਰ ਉੱਥੇ ਚੰਡੀਗੜ੍ਹ ਤੋਂ ਕੋਈ ਸਿੱਧੀ ਬੱਸ ਨਾ ਜਾਣ ਸਦਕਾ, ਸੰਗਤਾਂ ਲਈ ਇਹ ਅਦਾਰਾ ਦੇਖਣ ਵਿੱਚ ਬਹੁਤ ਮੁਸ਼ਕਲਾਂ ਆਉਂਦੀ ਹੈ ਅਤੇ ਉਹ ਅਦਾਰਾ ਦੇਖਣ ਦੀ ਆਪਣੇ ਮਨ ਦੀ ਰੀਝ ਨੂੰ ਪੂਰਾ ਨਹੀਂ ਕਰ ਸਕਦੀਆਂ।

ਉਨ੍ਹਾਂ ਕਿਹਾ ਕਿ ‘ਉੱਚਾ ਦਰ ਬਾਬੇ ਨਾਨਕ ਦਾ’ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਲੱਖਣ ਸੋਚ ਅਧਾਰਤ ਉੱਚ ਕੋਟੀ ਦਾ ਦੇਖਣਯੋਗ ਅਦਾਰਾ ਹੈ ਅਤੇ ਸਭ ਸੰਗਤਾਂ ਨੂੰ ਇਸ ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਬੱਸਾਂ ਇਸ ਉੱਦਮ ਲਈ ਬਹੁਤ ਸਹਾਈ ਹੋ ਸਕਦੀਆਂ ਹਨ ਅਤੇ ਇਸ ਨਾਲ ਸੰਗਤਾਂ ਨੂੰ ਮੁਫਤ ਯਾਤਰਾ ਦੀ ਚੰਗੀ ਲਾਹੇਵੰਦ ਸਹੂਲਤ ਮਿਲ ਜਾਵੇਗੀ। ਅਜਿਹਾ ਹੋਣ ਨਾਲ ਪੰਜਾਬ ਸਰਕਾਰ ਦਾ ਇਹ ਇਕ ਵੱਡਾ ਉਪਰਾਲਾ ਹੋਵੇਗਾ। ਸੰਸਥਾ ਦੇ ਅਹੁਦੇਦਾਰਾਂ ਪ੍ਰਿੰ. ਬਹਾਦਰ ਸਿੰਘ ਗੋਸਲ, ਜਗਤਾਰ ਸਿੰਘ ਜੋਗ, ਅਵਤਾਰ ਸਿੰਘ ਮਹਿਤਪੁਰੀ, ਭੁਪਿੰਦਰ ਭਾਗੋਮਾਜਰੀਆ, ਤੇਜਾ ਸਿੰਘ ਥੂਹਾ, ਰਾਜ ਕੁਮਾਰ ਸਾਹੋਵਾਲੀਆ, ਬਲਵਿੰਦਰ ਸਿੰਘ, ਅਮਰਜੀਤ ਬਠਲਾਣਾ, ਬਲਜਿੰਦਰ ਸ਼ੇਰਗਿੱਲ ਤੇ ਕ੍ਰਿਸ਼ਨ ਰਾਹੀ ਨੇ ਸਮੂਹਿਕ ਬਿਆਨ ਵਿਚ ਕਿਹਾ ਕਿ ਇਸ ਸਬੰਧ ਵਿਚ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਸੰਗਤਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਸਫਲ ਯਤਨ ਕੀਤਾ ਜਾਵੇ।

Leave a Reply

Your email address will not be published. Required fields are marked *