ਪੰਜਾਬੀ ਭਾਸ਼ਾ ਦੇ ਵਿਕਾਸ ਲਈ ਏ ਆਈ ਅਤੇ ਹੋਰ ਡਿਜੀਟਲ ਸਾਧਨਾ ਦਾ ਸਹਿਯੋਗ ਜਰੂਰੀ
ਬਰੈਂਮਪਟਨ (ਹਰਦੇਵ ਚੌਹਾਨ), 19 ਜੁਲਾਈ:
ਜਗਤ ਪੰਜਾਬੀ ਸਭਾ, ਕੈਨੇਡਾ ਅਤੇ ਓਂਟਾਰੀਓ ਫਰੈਡਜ਼ ਕਲੱਬ ਵੱਲੋਂ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਅਗਵਾਈ ਹੇਠ ਆਯੋਜਿਤ ਇਸ ਕਾਨਫਰੰਸ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਦੁਨੀਆ ਭਰ ਵਿੱਚ ਵੱਸਦੇ 18 ਕਰੋੜ ਪੰਜਾਬੀਆਂ ਵਿੱਚੋਂ ਬੋਲ ਚਾਲ ਵਾਲੇ ਪੰਜਾਬੀ ਬਹੁਗਿਣਤੀ ਵਿੱਚ ਹਨ। ਐਪਰ ਪੰਜਾਬੀ ਨੂੰ ਲਿਖਤੀ ਰੂਪ ਵਿੱਚ ਵਰਤਣ ਵਾਲਿਆਂ ਦੀ ਗਿਣਤੀ ਘੱਟ ਹੈ। ਇਸ ਲਈ ਵਿਦਵਾਨਾਂ ਨੂੰ ਮਿਲ ਬੈਠ ਕੇ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਵੇਂ ਪੰਜਾਬੀ ਨੂੰ ਕੰਮ ਕਾਰ ਦੀ ਭਾਸ਼ਾ ਬਨਾਉਣ ਲਈ ਉਪਰਾਲੇ ਕੀਤੇ ਜਾਣ। ਸਰਕਾਰੀ ਅਤੇ ਗ਼ੈਰ ਸਰਕਾਰੀ ਅਦਾਰਿਆਂ ਵਿੱਚ ਤਕਨੀਕੀ ਅਤੇ ਵਿਗਿਆਨਿਕ ਸਿਖਿਆ ਨੂੰ (ਗੁਰਮੁਖੀ/ਸ਼ਾਹਮੁਖੀ) ਵਿੱਚ ਪੜ੍ਹਾਇਆ ਜਾ ਸਕੇ। ਪਹਿਲੇ ਸੈਸ਼ਨ ਦਾ ਮੰਚ ਸੰਚਾਲਨ ਸਰਦੂਲ ਸਿੰਘ ਥਿਆੜਾ ਨੇ ਕੀਤਾ। ਬੀਬੀ ਹਰਜਿੰਦਰ ਕੌਰ ਸਾਬਕਾ ਮੇਅਰ ਚੰਡੀਗੜ੍ਹ ਅਤੇ ਮੈਂਬਰ ਇੰਚਾਰਜ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਮਾ ਰੌਸ਼ਨ ਕਰਨ ਦੀ ਰਸਮ ਨਿਭਾਈ ਅਤੇ ਜਗਤ ਪੰਜਾਬੀ ਸਭਾ ਦੀ ਸਾਰੀ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਤਰਲੋਚਨ ਸਿੰਘ ਅਟਵਾਲ, ਡਾ. ਜੋਗਾ ਸਿੰਘ ਵਿਰਕ, ਡਾ. ਕਸ਼ਮੀਰ ਸਿੰਘ ਨੇ ਵੀ ਇਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਅਕਾਦਮਿਕ ਸੈਸ਼ਨ ਦੌਰਾਨ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਸਟੇਜ ਸੈਕਟਰੀ ਦੀ ਭੂਮਿਕਾ ਡਾ. ਰਮਨੀ ਬਤਰਾ ਨੇ ਨਿਭਾਈ।


ਪਹਿਲੇ ਦਿਨ ਸੈਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਦਵਿੰਦਰ ਸਿੰਘ ਸਿੱਧੂ ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਤੇ ਡਾ. ਸੁਰਜੀਤ ਸਿੰਘ ਭੱਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਕਾਨਫਰੰਸ ਦੇ ਦੂਸਰੇ ਦਿਨ ਡਾਕਟਰ ਆਰ. ਐਸ. ਝਾਂਜੀ ਨੇ ਸਾਹਿਤ ਤੇ ਸਿੱਖਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਚੀਨ ਵਾਲੇ ਵਪਾਰਕ ਸਰਦਾਰੀ ਕਾਇਮ ਰੱਖਣ ਲਈ ਪੰਜਾਬੀ ਵੀ ਪੜ੍ਹਾਉਣ ਲੱਗ ਪਏ ਹਨ। ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਨਾਰਵੇ ਵਿਖੇ ਪੰਜਾਬੀ ਸਕੂਲ ਚਲਾ ਰਹੇ ਹਨ। ਤਾਹਿਰ ਅਸਲਮ ਗੋਰਾ ਨੇ ਕਿਹਾ ਕਿ ਚੜ੍ਹਦੇ ਪੰਜਾਬ ਵਿੱਚ ਬੋਲਚਾਲ ਦੀ ਭਾਸ਼ਾ ਲਿਖਤੀ ਭਾਸ਼ਾ ਨਾਲ ਮੇਲ ਨਹੀਂ ਖਾਂਦੀ। ਹਲੀਮਾ ਸਾਦੀਆ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਲਿਟਰੇਚਰ, ਆਰਟ ਅਤੇ ਮੀਡੀਆ ਨੂੰ ਮਿਲ ਕੇ ਅਦਬ, ਲਿਹਾਜ਼ ਤੇ ਤਰਬੀਅਤ ਨਾਲ ਅੱਗੇ ਵਧਣਾ ਚਾਹੀਦਾ ਹੈ। ਡਾਕਟਰ ਸੋਲਮਨ ਨਾਜ਼ ਨੇ ਭਾਸ਼ਣ ਕਲਾ ਅਤੇ ਹਰਜੀਤ ਕੌਰ ਗਿੱਲ ਨੇ ਸਿੱਖਿਆ ਦੇ ਮਹੱਤਵ ਬਾਰੇ ਆਪਣੇ ਵਿਚਾਰ ਪ੍ਰਗਟਾਏ। ਸਈਅਦ ਅਮੀਰ ਹੁਸੈਨ ਜਾਫ਼ਰੀ ਨੇ ਕਿਹਾ ਕਿ ਰਸੂਲ ਹਮਜਾਤੋਵ ਵਾਂਗ ਸਾਨੂੰ ਵੀ ਲੋਕਲ ਭਾਸ਼ਾ ਦਾ ਇਸਤੇਮਾਲ ਕਰਨਾ ਹੋਏਗਾ। ਪਿਆਰਾ ਸਿੰਘ ਕੁੱਦੋਵਾਲ ਨੇ ਕਿਹਾ ਕਿ ਪੂਰਬੀ ਸਿੱਖਿਆ ਪ੍ਰਣਾਲੀ ਵਿਸ਼ੇ ਦਾ ਗਿਆਨ ਮੁਹਈਆ ਕਰਾਉਂਦੀ ਹੈ, ਜਦਕਿ ਪੱਛਮੀ ਸਿੱਖਿਆ ਪ੍ਰਣਾਲੀ ਲਚਕਦਾਰ ਹੈ। ਨਿਰੰਤਰ ਮੁਲਾਂਕਣ ਕਾਰਨ ਇਸ ਵਿੱਚ ਨਵੀਨਤਾ ਬਣੀ ਰਹਿੰਦੀ ਹੈ।
ਕਾਨਫਰੰਸ ਦੌਰਾਨ ਦੋ ਦਿਨ ਕਵੀ ਦਰਬਾਰ ਆਯੋਜਿਤ ਹੋਇਆ, ਜਿਸ ਵਿਚ ਪਾਕਿਸਤਾਨ, ਕਨੇਡਾ, ਨਾਰਵੇ, ਅਮਰੀਕਾ,ਇੰਗਲੈਂਡ, ਆਸਟਰੇਲੀਆ ਅਤੇ ਭਾਰਤ ਦੇ
60 ਤੋਂ ਵਧੀਕ ਕਵੀਆਂ ਨੇ ਹਿੱਸਾ ਲਿਆ। ਪ੍ਰਭਜੋਤ ਸਿੰਘ ਰਾਠੌਰ, ਸਟੇਜ ਸੈਕਟਰੀ, ਹਲੀਮਾ ਸਾਦੀਆ, ਪਿਆਰਾ ਸਿੰਘ ਕੁੱਦੋਵਾਲ, ਬੁਸ਼ਰਤ ਰਹਿਮਾਨ, ਤਾਰਕ ਹਮੀਦ, ਬਾਬਰ ਨਸਰੂਲਾ, ਸੁਰਿੰਦਰ ਮਕਸੂਦਪੁਰੀ, ਬਲਵਿੰਦਰ ਕੌਰ, ਮਹਿੰਦਰ ਪ੍ਰਤਾਪ, ਜਸਪਾਲ ਸਿੰਘ ਦੇਸੂਵੀ, ਹਰਦਿਆਲ ਸਿੰਘ ਝੀਤਾ, ਪਰਮਜੀਤ ਦਿਉਲ ਤੇ ਸੁਜਾਨ ਸਿੰਘ ਸੁਜਾਨ, ਰਮਿੰਦਰ ਰੰਮੀ ਅਤੇ ਦਵਿੰਦਰ ਬਾਂਸਲ ਸਮੇਤ ਹੋਰ ਕਵੀਆਂ ਨੇ ਕਵਿਤਾ ਪਾਠ ਕੀਤਾ।
ਸ. ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਆਖ ਕੇ ਸਾਰਿਆਂ ਦਾ ਸਵਾਗਤ ਕੀਤਾ। ਇਸ ਕਾਨਫਰੰਸ ਵਿੱਚ ਸੋਨੀਆ ਸਿੱਧੂ ਐਮ.ਪੀ, ਮੈਟ ਮੋਹਨੀ ਡਿਪਟੀ ਮੇਅਰ, ਐਮ.ਪੀ. ਅਮਨਦੀਪ ਸੋਢੀ, ਅਮਨ ਸੰਧੂ ਆਦਿ ਨੇ ਕੀਤੀ। ਬਲਵਿੰਦਰ ਸਿੰਘ ਚੱਠਾ ਯੂ.ਐਸ.ਏ ਨੇ ਵੀ ਇਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਆਨਰੇਬਲ ਮਾਰਕ ਕਾਰਨੀ ਦੁਆਰਾ ਜਗਤ ਪੰਜਾਬੀ ਸਭਾ ਦੀ ਟੀਮ ਲਈ ਮੈਸੇਜ ਭੇਜਿਆ ਗਿਆ, ਜਿਸ ਨੂੰ ਕਾਨਫਰੰਸ ਦੌਰਾਨ ਨੌਜਵਾਨ ਅਜਮੀਤ ਸਿੰਘ ਚੱਠਾ ਵੱਲੋਂ ਪੜ੍ਹ ਕੇ ਸੁਣਾਇਆ ਗਿਆ। ਕਾਨਫਰੰਸ ਦੌਰਾਨ ਬਰੈਂਮਪਟਨ ਦੇ ਮੇਅਰ ਪੈਟ੍ਰਿਕ ਬਰਾਨ ਅਤੇ ਪਾਲ ਵਨੈਤੀ ਸਿਟੀ ਕੌਂਸਲਰ ਨੇ ਸ਼ਿਰਕਤ ਕਰ ਕੇ ਸਭਾ ਦੀ ਸਾਰੀ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਪ੍ਰੋਗਰਾਮ ਦੇ ਆਖ਼ਰੀ ਦਿਨ ਰੋਜ਼ ਥੀਏਟਰ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਜਿੱਥੇ ਦੇਸ਼ ਵਿਦੇਸ਼ ਤੋਂ ਆਏ ਪ੍ਰਾਹੁਣਿਆਂ ਅਤੇ ਚੋਣਵੇਂ ਕਵੀਆਂ ਦਾ ਸਨਮਾਨ ਕੀਤਾ ਗਿਆ। ਚੇਅਰਮੈਨ ਅਜਾਇਬ ਸਿੰਘ ਚੱਠਾ, ਪ੍ਰਧਾਨ ਸਰਦੂਲ ਸਿੰਘ ਥਿਆੜਾ ਅਤੇ ਖਜਾਨਚੀ ਸੰਤੋਖ ਸਿੰਘ ਸੰਧੂ ਨੇ ਸਾਰੀ ਪ੍ਰਬੰਧਕੀ ਟੀਮ ਅਤੇ ਸਰੋਤਿਆ ਦਾ ਧੰਨਵਾਦ ਕੀਤਾ। ਅਜਾਇਬ ਸਿੰਘ ਚੱਠਾ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਕਾਨਫਰੰਸ ਦੇ ਵੇਰਵੇ ਕਿਤਾਬੀ ਰੂਪ ਵਿੱਚ ਪ੍ਰਕਾਸ਼ਿਤ ਕੀਤੇ ਜਾਣਗੇ। ਅਮਰੀਕਾ ਤੋਂ ਆਏ ਸਿਰਮੌਰ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਨੇ ਸਾਰਿਆਂ ਨੂੰ ਕਾਨਫਰੰਸ ਦੀ ਸਫਲਤਾ ਦੀਆਂ ਵਧਾਈਆਂ ਦਿੱਤੀਆਂ ਅਤੇ ਪੰਦਰਾਂ ਹਜ਼ਾਰ ਡਾਲਰ ਦੀ ਮਾਇਕ ਸਹਾਇਤਾ ਦਾ ਐਲਾਨ ਕੀਤਾ। ਅਖੀਰ ਵਿੱਚ ਬੱਚਿਆਂ ਦੀਆਂ ਭੰਗੜਾ ਟੀਮਾਂ ਵੱਲੋਂ ਭੰਗੜਾ ਪਾਇਆ ਗਿਆ। ਇਸ ਤਰਾਂ ਬਾਹਰਵੀਂ ਵਰਲਡ ਪੰਜਾਬੀ ਕਾਨਫਰੰਸ ਨਵੀਆਂ ਸਿਖਰਾਂ ਛੂੰਹਦੀ ਹੋਈ ਸੰਪੰਨ ਹੋਈ।

