ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਜੁਲਾਈ:


ਸਾਹਿਤਕ ਸੱਥ ਖਰੜ ਦੀ ਇਕੱਤਰਤਾ ਸਥਾਨਕ ਖਾਲਸਾ ਸਕੂਲ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਬਾਬੂ ਰਾਮ ਦੀਵਾਨਾ, ਫੈਸਲ ਖਾਨ ਅਤੇ ਅਮਰਜੀਤ ਕੌਰ ਮੋਰਿੰਡਾ ਸ਼ਾਮਿਲ ਹੋਏ। ਤਰਸੇਮ ਸਿੰਘ ਕਾਲੇਵਾਲ ਦੇ ਧਾਰਮਿਕ ਗੀਤ ਉਪਰੰਤ ਗਾਇਕ ਗੁਰਵਿੰਦਰ ਗੁਰੀ ਨੇ ਹਰਮੋਨੀਅਮ ‘ਤੇ ਖ਼ੂਬਸੂਰਤ ਗ਼ਜ਼ਲ ਪੇਸ਼ ਕੀਤੀ। ਜਨਾਬ ਫੈਸਲ ਖਾਨ ਨੇ ਗ਼ਜ਼ਲ ਬਾਰੇ ਵਿਸਥਾਰ-ਪੂਰਵਕ ਗੱਲ ਕਰਦਿਆਂ ਗ਼ਜ਼ਲ ਵਿਚ ਵਰਤੇ ਜਾਂਦੇ ਤਕਨੀਕੀ ਸ਼ਬਦਾਂ, ਬਹਿਰਾਂ ਅਤੇ ਤਕਤੀਹ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦੌਰਾਨ ਸਰੋਤਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਵਧੀਆ ਢੰਗ ਨਾਲ ਦਿੱਤੇ ਗਏ। ਗ਼ਜ਼ਲ ਦੇ ਸਿੱਖਿਆਰਥੀਆਂ ਲਈ ਇਹ ਵਰਕਸ਼ਾਪ ਬਹੁਤ ਲਾਹੇਵੰਦ ਸਾਬਿਤ ਹੋਈ।
ਕਵੀ ਦਰਬਾਰ ਵਿਚ ਜਸਵਿੰਦਰ ਸਿੰਘ ਕਾਈਨੌਰ, ਅਮਰਜੀਤ ਕੌਰ ਮੋਰਿੰਡਾ, ਫੈਸਲ ਖਾਨ, ਹਾਕਮ ਸਿੰਘ ਨੱਤਿਆਂ, ਕੇਸਰ ਸਿੰਘ ਇੰਸਪੈਕਟਰ, ਖ਼ੁਸ਼ੀ ਰਾਮ ਨਿਮਾਣਾ, ਬਲਦੇਵ ਸਿੰਘ ਬੁਰਜਾਂ, ਗੁਰਸ਼ਰਨ ਸਿੰਘ ਕਾਕਾ, ਪਿਆਰਾ ਸਿੰਘ ਰਾਹੀ, ਡਾ. ਰੂਪ ਸਾਗਰ, ਸੁਮਿੱਤਰ ਸਿੰਘ ਦੋਸਤ, ਦਲਬੀਰ ਸਿੰਘ ਸਰੋਆ, ਡਾ. ਰਵਿੰਦਰ ਸਿੰਘ ਲੁਬਾਣਾ, ਮਨਜੀਤ ਪਾਲ ਸਿੰਘ, ਦਰਸ਼ਨ ਤਿਉਣਾ, ਜਸ਼ਨਦੀਪ ਸਿੱਧੂ, ਬੰਤ ਸਿੰਘ ਦੀਪ, ਭੁਪਿੰਦਰ ਸਿੰਘ ਭਾਗੋਮਾਜਰਾ, ਮਲਕੀਤ ਨਾਗਰਾ, ਬਲਵਿੰਦਰ ਢਿੱਲੋਂ, ਮਹਿੰਦਰ ਸਿੰਘ ਗੋਸਲਾਂ, ਸਰਬਜੀਤ ਸਿੰਘ ਪੱਡਾ, ਰਤਨ ਬਾਬਕ ਵਾਲਾ, ਨੀਲਮ ਨਾਰੰਗ, ਸੁਰਜੀਤ ਸਿੰਘ ਅਤੇ ਮਲਕੀਤ ਸਿੰਘ ਨੇ ਆਪੋ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਖੂਬ ਰੰਗ ਬੰਨ੍ਹਿਆ। ਸੱਥ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪੱਤਰਕਾਰ ਕਾਲ਼ਾ ਸਿੰਘ ਸੈਣੀ ਅਤੇ ਫੈਸਲ ਖਾਨ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਬਾਬੂ ਰਾਮ ਦੀਵਾਨਾ ਨੇ ਜਿੱਥੇ ਗ਼ਜ਼ਲ ਵਰਕਸ਼ਾਪ ਦੀ ਸਰਾਹਨਾ ਕੀਤੀ, ਉਥੇ ਹਾਜ਼ਰ ਸ਼ਾਇਰਾਂ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ਬਾਰੇ ਗੱਲਬਾਤ ਕਰਦਿਆਂ ਪ੍ਰਸ਼ੰਸਾ ਕੀਤੀ ਅਤੇ ਆਪਣੀ ਇਕ ਗ਼ਜ਼ਲ ਵੀ ਤਰੰਨਮ ਵਿਚ ਪੇਸ਼ ਕੀਤੀ। ਇਸ ਮੌਕੇ ਸੁਰਜੀਤ ਸੁਮਨ, ਰਾਮ ਸਰੂਪ, ਐਮ.ਸੀ ਖਰੜ ਆਦਿ ਨੇ ਵੀ ਸ਼ਿਰਕਤ ਕੀਤੀ। ਮੰਚ ਸੰਚਾਲਨ ਡਾ. ਰੂਪ ਸਾਗਰ ਵੱਲੋਂ ਬਾਖੂਬੀ ਕੀਤਾ ਗਿਆ।

