ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਜੁਲਾਈ:


ਪੰਜਾਬ ਦੇ ਮੁਲਾਜ਼ਮਾਂ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਮਹਿੰਗਾਈ ਭੱਤੇ ਸਬੰਧੀ ਚੱਲ ਰਹੇ ਕੇਸ ਦੀ ਅੰਤਿਮ ਸੁਣਵਾਈ ਅੱਜ ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਵੀਜ਼ਨ ਬੈਂਚ ਵੱਲੋਂ ਕੀਤੀ ਗਈ। ਇਸ ਕੇਸ ਵਿਚ ਦੋਹਾਂ ਪੱਖਾਂ ਦੇ ਵਕੀਲਾਂ ਵੱਲੋਂ ਲੋੜੀਂਦੇ ਦਸਤਾਵੇਜ਼ ਪੇਸ਼ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਵੱਲੋਂ ਦਾਇਰ ਇੱਕ ਹੋਰ ਐਲ.ਪੀ.ਏ. ਦੀ ਸੁਣਵਾਈ ਵੀ ਇਸ ਕੇਸ ਦੇ ਨਾਲ਼ ਹੀ ਹੋਈ ਹੈ। ਦੋਹਾਂ ਧਿਰਾਂ ਨੂੰ ਗਹੁ ਨਾਲ਼ ਸੁਣਨ ਉਪਰੰਤ ਮਾਣਯੋਗ ਅਦਾਲਤ ਵਲੋਂ ਹੁਣ ਤੱਕ ਹੋਈ ਬਹਿਸ ਦੇ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਗਿਆ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਨੇ ਇਸ ਸਬੰਧੀ ਕਿਹਾ ਕਿ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਸਬੰਧੀ ਕੇਸ ਦੀ ਸੁਣਵਾਈ ਲਗਾਤਾਰ ਮਾਣਯੋਗ ਹਾਈਕੋਰਟ ਵਿੱਚ ਚੱਲ ਰਹੀ ਹੈ, ਜਿਸ ਵਿੱਚ ਸਾਡੇ ਵਕੀਲਾਂ ਨੇ ਅਹਿਮ ਰੋਲ ਨਿਭਾਇਆ ਹੈ। ਇਨ੍ਹਾਂ ਤੋਂ ਇਲਾਵਾ ਪੈਨਸ਼ਨਰਜ਼ ਆਗੂਆਂ ਦਾ ਯੋਗਦਾਨ ਵੀ ਸਲਾਹੁਣਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੀ ਇੱਕੋ ਇੱਕ ਆਸ ਮਾਣਯੋਗ ਅਦਾਲਤ ਦੇ ਫੈਸਲੇ ਉੱਤੇ ਹੈ, ਕਿਉਂਕਿ ਉਨ੍ਹਾਂ ਵੱਲੋਂ ਸਾਡੇ ਕੇਸ ਵਿੱਚਲੇ ਤੱਥਾਂ ਨੂੰ ਸਾਹਮਣੇ ਰੱਖਦੇ ਹੋਏ ਗਹੁ ਨਾਲ਼ ਵਿਚਾਰਿਆ ਹੈ। ਇਸ ਮੌਕੇ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਸਾਹਿਲ ਸ਼ਰਮਾ, ਮਨਜੀਤ ਸਿੰਘ ਰੰਧਾਵਾ ਤੇ ਹੋਰਾਂ ਨੇ ਵੀ ਉਮੀਦ ਜਤਾਈ ਕਿ ਅਦਾਲਤੀ ਫੈਸਲਾ ਮੁਲਾਜ਼ਮਾਂ ਦੇ ਪੱਖ ਵਿੱਚ ਆਵੇਗਾ।

