

ਉੱਘੇ ਸ਼ਾਇਰ ਮਨਜੀਤ ਪੁਰੀ ਦੇ ਗ਼ਜ਼ਲ ਸੰਗ੍ਰਹਿ ‘ਕੁਝ ਤਿੜਕਿਆ ਤਾਂ ਹੈ’ ‘ਤੇ ਸਵਪਨ ਫਾਊਂਡੇਸ਼ਨ, ਪਟਿਆਲਾ ਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਵਿਚਾਰ-ਚਰਚਾ ਕਰਵਾਈ ਗਈ। ਪੰਜਾਬ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਡਾ. ਅਰਵਿੰਦਰ ਸਿੰਘ ਢਿੱਲੋਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮਨਜੀਤ ਪੁਰੀ ਨੇ ਆਪਣੀਆਂ ਗ਼ਜ਼ਲਾਂ ਦਾ ਪਾਠ ਕਰਕੇ ਸਭ ਨੂੰ ਸਰਸ਼ਾਰ ਕੀਤਾ। ਜਗਦੀਪ ਸਿੱਧੂ ਨੇ ਡਾ. ਜੱਗਦੀਪ ਦੀ ਗੈਰ-ਹਾਜ਼ਰੀ ਵਿੱਚ ਉਹਨਾਂ ਦਾ ਲਿਖਿਆ ਪਰਚਾ ਪੜ੍ਹਿਆ। ਉਹਨਾਂ ਕਿਹਾ ਕਿ ਮੈਨੂੰ ਮਨਜੀਤ ਦੀ ਸ਼ਾਇਰੀ ਵਿੱਚ ਸਹਿਜਤਾ ਦਾ ਅਹਿਸਾਸ ਹੁੰਦਾ ਹੈ। ਉਹ ਸਹਿਜਤਾ ਜੋ ਪੀੜ ਦੀ ਹੱਦ ਪਾਰ ਕਰ ਚੁੱਕਣ ਤੋਂ ਬਾਅਦ ਆਉਂਦੀ ਹੈ। ਸ਼ਾਇਰ ਧਰਮਿੰਦਰ ਸੇਖੋਂ ਨੇ ਗ਼ਜ਼ਲ ਦੀ ਭਾਸ਼ਾ ਚੰਗੀ ਲੱਗਣ ਬਾਰੇ ਗੱਲ ਕੀਤੀ। ਉਹਨਾਂ ਕੁਝ ਸਵਾਲ ਵੀ ਉਠਾਏ। ਪਾਲ ਅਜਨਬੀ ਨੇ ਕਿਹਾ ਕਿ ਕਿਤਾਬ ਵਿੱਚਲੀ ਸ਼ਾਇਰੀ ਬੇਗਾਨੀ ਨਹੀਂ ਲੱਗਦੀ, ਅਨੁਭਵ ਵਿੱਚੋਂ ਆਈ ਹੈ ਜੋ ਪਾਠਕ ਦਾ ਅਨੁਭਵ ਵੀ ਹੋ ਨਿਭੜਦੀ ਹੈ। ਸ਼ਾਇਰ ਭੱਟੀ ਨੇ ਕਿਹਾ ਕਿ ਸਿਖਾਂਦਰੂ ਦੇ ਤੌਰ ‘ਤੇ ਇਸ ਸ਼ਾਇਰੀ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਡਾ. ਅਵਤਾਰ ਪਤੰਗ ਨੇ ਕਿਹਾ ਕਿ ਇਹ ਸ਼ਾਇਰੀ ਤ੍ਰਿਪਤ ਕਰਦੀ ਹੈ। ਜਗਤਾਰ ਜੋਗ ਨੇ ਮਨਜੀਤ ਦੀ ਗ਼ਜ਼ਲ ‘ਡੁੱਬਦੇ ਸੂਰਜਾਂ ਤੋਂ’ ਤਰੁਨਮ ਵਿੱਚ ਸੁਣਾਈ। ਸ਼ਮਸ਼ੇਰ ਸਾਹਿਲ ਨੇ ਕਈ ਸ਼ਿਅਰਾਂ ਦੀ ਵਿਆਖਿਆ ਕਰਕੇ ਕਿਹਾ ਕਿ ਇਹ ਬਹੁ-ਪਰਤੀ ਸ਼ਾਇਰੀ ਹੈ। ਉੱਘੇ ਊਰਦੂ ਸ਼ਾਇਰ ਡਾ. ਜਤਿੰਦਰ ਪਰਵਾਜ ਨੇ ਕਿਹਾ ਕਿ ਪੁਰੀ ਦੀ ਸ਼ਾਇਰੀ ਸੰਗੀਤ ਤੇ ਰਵਾਨੀ ਨਾਲ ਲਬਰੇਜ਼ ਹੈ, ਜੋ ਪਾਠਕ ਦੇ ਭਾਵਾਂ ਦੀ ਤਰਜ਼ਮਾਨੀ ਕਰਦੀ ਹੈ।
ਡਾ. ਯੋਗਰਾਜ ਨੇ ਕਿਹਾ ਕਿ ਗ਼ਜ਼ਲ ਲਿਖਣਾ ਕੋਈ ਸੌਖਾ ਕੰਮ ਨਹੀਂ। ਮਨਜੀਤ ਦੀ ਗ਼ਜ਼ਲ ਵਿੱਚ ਸਿਆਸਤ ਜ਼ਿਆਦਾਤਰ ਲੁਕਵੇਂ ਰੂਪ ਵਿੱਚ ਆਉਂਦੀ ਹੈ। ਉਹਨਾਂ ਨੇ ਮਨਜੀਤ ਦੀ ਰਚਨਾ ਦੀ ਭਾਸ਼ਾਈ ਪਕੜ ਦੀ ਵੀ ਗੱਲ ਕੀਤੀ। ਮੁੱਖ ਮਹਿਮਾਨ ਉੱਘੇ ਲੇਖਕ ਡਾ. ਵਿਜੇ ਕਪੂਰ ਨੇ ਕਿਹਾ ਕਿ ਇਹ ਪ੍ਰਤੀਰੋਧ ਦੀ ਕਵਿਤਾ ਹੈ। ਇਸ ਵਿੱਚ ਸੱਤਾ ਵਿਰੁੱਧ ਲਲਕਾਰ ਹੈ, ਕਦੇ ਲਿਪਟੀ ਹੋਈ, ਕਦੇ ਸਿੱਧੀ। ਇਸ ਵਿੱਚ ਅਤੀਤ ਦੀ ਯਾਦ ਨਹੀਂ, ਵਰਤਮਾਨ ਦੀ ਲਗਾਤਾਰਤਾ ਹੈ। ਉਹਨਾਂ ਵਧੀਆ ਕਾਫ਼ੀਆਂ ਤੇ ਰਦੀਫਾਂ ਦੀ ਵੀ ਗੱਲ ਕੀਤੀ। ਚਰਚਾ ਦੀ ਉੱਘੇ ਲੇਖਕ ਤੇ ਚਿੰਤਕ ਡਾ. ਮਨਮੋਹਨ ਨੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਗ਼ਜ਼ਲ ਨੂੰ ਕਿਸੇ ਚੌਖਟੇ ਵਿੱਚ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਗ਼ਜ਼ਲ ਵਿੱਚ ਪਾਬੰਦੀ ਜ਼ਰੂਰੀ ਹੈ। ਗ਼ਜ਼ਲ ਦੀ ਸ਼ਬਦਾਵਲੀ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਹਨਾਂ ਮਨਜੀਤ ਦੀ ਗ਼ਜ਼ਲ ਬਾਰੇ ਕੁਝ ਨੁਕਤੇ ਸਾਂਝੇ ਕਰਦੇ ਹੋਏ ਕਿਹਾ ਕਿ ਮਨਜੀਤ ਅਹਿਸਾਸ ਦਾ ਸੂਖ਼ਮ ਸ਼ਾਇਰ ਹੈ। ਉਨ੍ਹਾਂ ਸ਼ਿਅਰਾਂ ਵਿੱਚ ਪਰਦਾਦਾਰੀ ਦੀ ਗੱਲ ਕਰਦਿਆਂ ਮਨਜੀਤ ਨੂੰ ਰਚਨਾਕਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ, ਸ਼ਾਇਰ ਸਵਰਨਜੀਤ ਸਵੀ ਨੇ ਕਿਹਾ ਕਿ ਉਹ ਮਨਜੀਤ ਦੀ ਸ਼ਾਇਰੀ ਦੇ ਮੁਰੀਦ ਹਨ ਅਤੇ ਅਕਸਰ ਉਹਨਾਂ ਨੂੰ ਪੜ੍ਹਦੇ ਰਹਿੰਦੇ ਹਨ। ਉਹਨਾਂ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। ਮੰਚ ਸੰਚਾਲਨ ਸ਼ਾਇਰ ਜਗਦੀਪ ਸਿੱਧੂ ਨੇ ਕੀਤਾ ਤੇ ਸਮਾਗਮ ਦਾ ਪ੍ਰਬੰਧਨ ਸੰਸਥਾ ਦੇ ਖਜਾਨਚੀ ਸੁਖਵਿੰਦਰ ਸਿੱਧੂ ਨੇ ਕੀਤਾ। ਸਮਾਗਮ ਵਿੱਚ ਹਰਵਿੰਦਰ ਸਿੱਧੂ, ਡਾ. ਕੰਵਲਜੀਤ, ਸਨੀ ਕਬੀਰ, ਰਣਬੀਰ ਸੋਹਲ, ਗੁਲ ਚੌਹਾਨ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਡਾ. ਦਵਿੰਦਰ ਸਿੰਘ ਬੋਹਾ, ਜਸਪਾਲ ਫਿਰਦੌਸੀ, ਪ੍ਰੀਤਮ ਰੁਪਾਲ, ਕੁਲਵੰਤ ਕੌਰ, ਗੁਰਚਰਨ ਮੋਹਾਲੀ, ਮਹਾਦੇਵ,ਮਨਜੀਤਪਾਲ ਸਿੰਘ, ਪਵਨਦੀਪ, ਵਰਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।

