ਯਤਿੰਦਰ ਕੌਰ ਮਾਹਲ ਦੀ ਕਹਾਣੀ ‘ਤਾਂਡਵ ਦੇ ਪਾਰ’ ਉਪਰ ਹੋਈ ਵਿਚਾਰ ਚਰਚਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਅਪ੍ਰੈਲ:


‘ਕਹਾਣੀ ਸੰਗਤ ਚੰਡੀਗੜ੍ਹ’ ਵੱਲੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਯਤਿੰਦਰ ਕੌਰ ਮਾਹਲ ਦੀ ਕਹਾਣੀ ‘ਤਾਂਡਵ ਦੇ ਪਾਰ’ ਦੇ ਕਹਾਣੀ ਪਾਠ ਦਾ ਆਯੋਜਨ ਕੀਤਾ ਗਿਆ। ਇਸ ਗੋਸ਼ਟੀ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਸਰੂਪ ਸਿਆਲਵੀ ਨੇ ਕੀਤੀ। ਕਹਾਣੀ ਸੰਗਤ ਦੇ ਕਨਵੀਨਰ ਪਰਮਜੀਤ ਮਾਨ ਨੇ ਸਭ ਨੂੰ ਜੀਓ ਆਇਆਂ ਆਖਿਆ। ਇਸ ਮੌਕੇ ਕਹਾਣੀਕਾਰ ਯਤਿੰਦਰ ਕੌਰ ਮਾਹਲ ਨੇ ਆਪਣੀ ਨਵੀਂ ਅਣਛਪੀ ਕਹਾਣੀ ‘ਤਾਂਡਵ ਦੇ ਪਾਰ’ ਦਾ ਪਾਠ ਕੀਤਾ। ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਯਤਿੰਦਰ ਮਾਹਲ ਨੇ ਪਾਤਰਾਂ ਰਾਹੀਂ ਫਿਜਿਕਸ ਅਤੇ ਮੈਟਾ ਫਿਜਿਕਸ ਦੇ ਅੰਤਰ-ਸੰਬੰਧਾਂ ਨੂੰ ਵਧੀਆ ਢੰਗ ਨਾਲ ਸਿਰਜਿਆ ਹੈ। ਇਹ ਮਨੁੱਖੀ ਮਨ ਅੰਦਰ ਵਸੇ ਸਥਾਈ ਵਿਕਾਰ ਹਾਊਮੈ ਦੇ ਨਾ ਖ਼ਤਮ ਹੋਣ ਵਾਲੀ ਕਹਾਣੀ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਇਹ ਅਧਿਆਤਮਿਕਤਾ ਦੀ ਖੋਜ ਦੀ ਕਹਾਣੀ ਹੈ, ਜੋ ਨਾਇਕ ਤੇ ਉਪਨਾਇਕ ਦੇ ਵੱਖਰੇ ਵੱਖਰੇ ਪਸਾਰਾਂ ਨੂੰ ਪੇਸ਼ ਕਰਦੀ ਹੈ।
ਕਹਾਣੀਕਾਰ ਗੁਰਦੀਪ ਮਹੌਣ (ਖੰਨਾ), ਹਰਪ੍ਰੀਤ ਸਿੰਘ ਚੰਨੂੰ, ਸਤਨਾਮ ਸਿੰਘ ਸੋ਼ਕਰ ਤੇ ਪਰਮਜੀਤ ਮਾਨ ਨੇ ਚਰਚਾ ਵਿੱਚ ਭਾਗ ਲੈਂਦਿਆਂ ਬਿਰਤਾਂਤਿਕ ਇਕਾਈਆਂ, ਬਿੰਬਾਂ ਦੀ ਚੋਣ, ਪ੍ਰਤੀਕ-ਪ੍ਰਬੰਧ ਅਤੇ ਕਹਾਣੀ ਦੇ ਸ਼ੈਲੀਗਤ ਸੰਘਣੇਪਣ ਦੀ ਪ੍ਰਸ਼ੰਸਾ ਕੀਤੀ। ਇਹ ਸ਼ਿਵ ਦੇ ਤਾਂਡਵ ਨਾਚ ਮਿੱਥ ਦੀ ਸਾਕਾਰਾਤਮਕ ਪੁਨਰ ਸਿਰਜਣਾ ਕਰਦੀ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਰੂਪ ਸਿਆਲਵੀ ਨੇ ਕਿਹਾ ਕਿ ਇਹ ਕਹਾਣੀ ਜਿੱਥੇ ਅਧਿਅਤਮਵਾਦ ਨੂੰ ਜੀਵਨ ਦਾ ਪ੍ਰਮੁੱਖ ਅੰਗ ਮੰਨਦੀ ਹੈ, ਉੱਥੇ ਨਾਲ ਹੀ ਮਨੁੱਖ ਅੰਦਰਲੇ ਖੋਖਲੇਪਣ ਨੂੰ ਵੀ ਉਜਾਗਰ ਕਰਦੀ ਹੈ। ਹਰ ਸੰਸਥਾ ਲਈ ਪੈਸਾ ਜ਼ਰੂਰੀ ਹੈ, ਇਸ ਲਈ ਦਾਨੀਆਂ ਦੀ ਮਹੱਤਤਾ ਹੈ। ਅਖੀਰ ਵਿੱਚ ਯਤਿੰਦਰ ਕੌਰ ਮਾਹਲ ਨੇ ਸੁਝਾਵਾਂ ਨੂੰ ਸਵੀਕਾਰ ਕਰਦਿਆਂ ਸਭ ਦਾ ਧੰਨਵਾਦ ਕੀਤਾ।

