Breaking
www.sursaanjh.com > ਸਿੱਖਿਆ > “ਗੁਰਬਾਣੀ ਨੌਜਵਾਨਾਂ ਲਈ ਮਾਰਗਦਰਸ਼ਕ ਚਾਨਣ” ਅੰਤਰਰਾਸ਼ਟਰੀ ਕਾਨਫਰੰਸ ਸਫਲਤਾਪੂਰਵਕ ਆਯੋਜਿਤ

“ਗੁਰਬਾਣੀ ਨੌਜਵਾਨਾਂ ਲਈ ਮਾਰਗਦਰਸ਼ਕ ਚਾਨਣ” ਅੰਤਰਰਾਸ਼ਟਰੀ ਕਾਨਫਰੰਸ ਸਫਲਤਾਪੂਰਵਕ ਆਯੋਜਿਤ

ਦਿੱਲੀ (ਸੁਖਵਿੰਦਰ ਸਿੰਘ ਹੈਪੀ), 19 ਅਪ੍ਰੈਲ:
ਮਾਤਾ ਸੁੰਦਰੀ ਕਾਲਜ ਫਾਰ ਵੂਮੈਨ, ਦਿੱਲੀ ਯੂਨੀਵਰਸਿਟੀ ਵੱਲੋਂ ‘ਦੀ ਸਿੱਖ ਰਿਵਿਊ’ ਦੇ ਸਹਿਯੋਗ ਨਾਲ “ਗੁਰਬਾਣੀ ਨੌਜਵਾਨਾਂ ਲਈ ਮਾਰਗਦਰਸ਼ਕ ਚਾਨਣ” ਵਿਸ਼ੇ ਹੇਠ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਕਾਨਫਰੰਸ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਰਾਹੀਂ ਜੀਵਨ ਦੀ ਸਮਝ ਦੇਣ, ਸਮਾਜਕ ਜ਼ਿੰਮੇਵਾਰੀ ਵੱਲ ਪ੍ਰੇਰਿਤ ਕਰਨ ਅਤੇ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਆਪਣੇ ਸੰਬੋਧਨ ਵਿੱਚ ਗੁਰਬਾਣੀ ਨੂੰ ਨੌਜਵਾਨਾਂ ਲਈ ਇਕ ਵਿਹਾਰਕ ਮਾਰਗਦਰਸ਼ਕ ਦੱਸਿਆ। ਉਨ੍ਹਾਂ ਨੇ ਖਾਸ ਤੌਰ ‘ਤੇ “ਸੰਗਤ” ਦੀ ਮਹੱਤਤਾ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਸਹੀ ਸੰਗਤ ਮਨੁੱਖ ਦੇ ਚਰਿੱਤਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਕਾਨਫਰੰਸ ਦੇ ਮੁੱਖ ਬੁਲਾਰੇ ਡਾ. ਜਸਵੰਤ ਸਿੰਘ (ਨਿਊਰੋਲੋਜਿਸਟ ਅਤੇ ਖੋਜਕਰਤਾ, ਅਮਰੀਕਾ) ਨੇ ਗੁਰਬਾਣੀ ਨੂੰ ਪੂਰੇ ਜੀਵਨ ਲਈ ਪ੍ਰਕਾਸ਼ ਪੂੰਜ ਕਰਾਰ ਦਿੰਦਿਆਂ ਕਿਹਾ ਕਿ ਇਹ ਮਨੁੱਖ ਨੂੰ ਆਤਮਿਕ ਅਤੇ ਨੈਤਿਕ ਮਜ਼ਬੂਤੀ ਪ੍ਰਦਾਨ ਕਰਦੀ ਹੈ।
ਵਿਸ਼ੇਸ਼ ਮਹਿਮਾਨ ਸ. ਪ੍ਰਤਾਪ ਸਿੰਘ (ਡੀ.ਆਈ.ਜੀ. ਸੇਵਾਮੁਕਤ, ਸੰਪਾਦਕ ‘ਦੀ ਸਿੱਖ ਰਿਵਿਊ’) ਨੇ ਸੋਸ਼ਲ ਮੀਡੀਆ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਅਤਿਅਧਿਕ ਵਰਤੋਂ ਦੇ ਨੁਕਸਾਨਾਂ ਬਾਰੇ ਚੇਤਾਵਨੀ ਦਿੱਤੀ। ਸ. ਲਖਿੰਦਰ ਸਿੰਘ (ਟੈਕਨੋਕ੍ਰੇਟ, ਜਰਮਨੀ) ਨੇ “ਕਿਰਤ ਕਰੋ” ਦੇ ਸਿਧਾਂਤ ਦੀ ਅਹਿਮੀਅਤ ਬਿਆਨ ਕੀਤੀ, ਜਦਕਿ ਡਾ. ਮਨਪ੍ਰੀਤ ਸਿੰਘ (ਸੰਪਾਦਕ, ਮੈਗਜ਼ੀਨ ਸੀਸ ਗੰਜ) ਨੇ ਗੁਰਬਾਣੀ ਨੂੰ ਅਸਲ ਦੌਲਤ ਦੱਸਦਿਆਂ “ਗੁਰੂ ਵਾਕ ਨਿਰਮਲ ਸਦਾ ਚਾਣਨ…” ਦੀ ਵਿਆਖਿਆ ਕੀਤੀ। ਈ-ਗ੍ਰੋ ਫਾਊਂਡੇਸ਼ਨ ਦੇ ਸੀਈਓ ਪ੍ਰੋ. ਚਰਨ ਸਿੰਘ ਨੇ ਵੀ ਗੁਰਬਾਣੀ ਦੇ ਆਧੁਨਿਕ ਜੀਵਨ ਵਿੱਚ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਾਨਫਰੰਸ ਨੇ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਅਧਿਆਪਕਾਂ ਲਈ ਇੱਕ ਅੰਤਰ-ਅਨੁਸ਼ਾਸਨੀ ਮੰਚ ਪ੍ਰਦਾਨ ਕੀਤਾ, ਜਿੱਥੇ ਉਨ੍ਹਾਂ ਨੇ ਗੁਰਬਾਣੀ ਤੋਂ ਪ੍ਰੇਰਿਤ ਹੋ ਕੇ ਆਪਣੇ ਖੋਜ ਪੱਤਰ ਪੇਸ਼ ਕੀਤੇ। ਭਾਰਤ ਅਤੇ ਵਿਦੇਸ਼ਾਂ ਤੋਂ ਕੁੱਲ 27 ਖੋਜ ਪੱਤਰ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚੋਂ ਚੁਣਵੇਂ ਸਰਵੋਤਮ ਪੇਪਰਾਂ ਨੂੰ ਤਿੰਨ ਤਕਨੀਕੀ ਸੈਸ਼ਨਾਂ ਦੌਰਾਨ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਮੁੱਖ ਮਹਿਮਾਨਾਂ ਨੇ ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ, ਸਹਿ-ਕਨਵੀਨਰ ਡਾ. ਗੁਰਵਿੰਦਰ ਕੌਰ, ਡਾ. ਰਮੀਤ ਕੌਰ ਅਤੇ ਕਾਨਫਰੰਸ ਸਕੱਤਰ ਡਾ. ਸਿਰਤਾਜ ਕੌਰ ਨੂੰ ਇਸ ਮਹੱਤਵਪੂਰਨ ਵਿਸ਼ੇ ‘ਤੇ ਸਫਲ ਕਾਨਫਰੰਸ ਆਯੋਜਿਤ ਕਰਨ ਲਈ ਵਧਾਈ ਦਿੱਤੀ। ਇਹ ਕਾਨਫਰੰਸ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਆਧੁਨਿਕ ਚੁਣੌਤੀਆਂ ਦਾ ਆਤਮਿਕ ਹੱਲ ਲੱਭਣ ਵੱਲ ਇੱਕ ਸਾਰਥਕ ਕਦਮ ਸਾਬਤ ਹੋਈ।

Leave a Reply

Your email address will not be published. Required fields are marked *