ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੂਨ:


ਸ਼ਹਿਰ ਵਾਸੀਆਂ ਨੂੰ ਪੰਜਾਬੀ ਸਭਿਆਚਾਰ ਨਾਲ਼ ਜੋੜੀ ਰੱਖਣ ਵਾਸਤੇ ਸੈਕਟਰ 38 ਏ ਅਤੇ ਬੀ ਦੀ ਰੈਜ਼ੀਡੈਂਟ ਵੈਲਫ਼ੇਅਰ ਆਰਗਨਾਈਜ਼ੇਸ਼ਨ ਵੱਲੋਂ ਭੰਗੜੇ ਦੀ ਇੱਕ ਵਿਸ਼ੇਸ਼ ਵਰਕਸ਼ਾਪ ਲਾਈ ਗਈ ਹੈ, ਜਿਹੜੀ ਜੂਨ ਮਹੀਨੇ ਦੀ 30 ਤਰੀਕ ਤੱਕ ਚੱਲੇਗੀ। ਸਮਰ ਕੈਂਪ ਦੇ ਹਿੱਸੇ ਵਜੋਂ ਕੀਤੇ ਜਾ ਰਹੇ ਇਸ ਪ੍ਰਾਜੈਕਟ ਦਾ ਮਕਸਦ ਸੈਕਟਰ ਵਾਸੀਆਂ ਨੂੰ ਪੰਜਾਬ ਦੀ ਵਿਰਾਸਤ ਨਾਲ਼ ਜੋੜੀ ਰੱਖਣਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦੇਂਦਿਆਂ ਆਰ. ਡਬਲਯੂ. ਓ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਕਲਾ ਕੇਂਦਰ ਦੇ ਸਹਿਯੋਗ ਨਾਲ਼ ਉੱਘੇ ਲੋਕ ਕਲਾਕਾਰ ਅਤੇ ਸੰਗੀਤ ਨਾਟਕ ਅਕਾਦਮੀ ਅਵਾਰਡ ਜੇਤੂ ਬਲਕਾਰ ਸਿੱਧੂ ਵੱਲੋਂ ਭੰਗੜੇ ਦੇ ਗੁਰ ਸਿਖਾਏ ਜਾ ਰਹੇ ਹਨ, ਜਿਸ ਨੂੰ ਸੈਕਟਰ 38 ਤੋਂ ਇਲਾਵਾ ਨੇੜੇ ਤੇੜੇ ਦੇ ਸੈਕਟਰਾਂ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਸੰਸਥਾ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ, ਕਾਰਜਕਾਰਨੀ ਮੈਂਬਰ ਨੀਲਮ ਗੋਇਲ ਅਤੇ ਸਰਗਰਮ ਮੈਂਬਰ ਰਾਖੀ ਸੁਬਰਾਮਨੀਅਮ ਨੇ ਇਸ ਪ੍ਰਾਜੈਕਟ ਨੂੰ ਸਫ਼ਲ ਬਨਾਉਣ ਲਈ ਮਹੱਤਵਪੂਰਣ ਰੋਲ ਅਦਾ ਕੀਤਾ ਹੈ, ਜਿਸ ਵਿੱਚ ਹਰ ਉਮਰ ਵਰਗ ਦੇ 100 ਤੋਂ ਵੱਧ ਆਦਮੀ, ਔਰਤਾਂ ਅਤੇ ਬੱਚੇ ਹਿੱਸਾ ਲੈ ਰਹੇ ਹਨ। ਆਰਗੇਨਾਈਜੇਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲ਼ੇ ਸਮੇਂ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ।

