ਫੌਜੀ ਅਦਾਰਿਆਂ ਵਿਚ ਮਾਤ-ਭਾਸ਼ਾ ਪੰਜਾਬੀ ਨੂੰ ਹਟਾ ਕੇ ਸੰਸਕ੍ਰਿਤ ਥੋਪਣ ਦਾ ਵਰਤਾਰਾ ਮੰਦਭਾਗਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਈ:


ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਮਾਸਿਕ ਇਕੱਤਰਤਾ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ, ਸੈਕਟਰ 69, ਮੁਹਾਲੀ ਵਿਖੇ ਡਾ. ਪੰਨਾ ਲਾਲ ਮੁਸਤਫ਼ਾਬਾਦੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਜਾਵਾ ਨੇ ਸੁਰ ਸਾਂਝ ਡਾਟ ਕਾਮ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਏਜੰਡੇ ਮੁਤਾਬਿਕ ‘ਹਾਈਕਿੰਗ ਅਤੇ ਟ੍ਰੈਕਿੰਗ’ ਵਿਸ਼ੇ ‘ਤੇ ਡਾ. ਸਵੈਰਾਜ ਸੰਧੂ ਦਾ ਵਿਖਿਆਨ ਸੀ। ਉਨ੍ਹਾਂ ਨੇ ਬਹੁਤ ਵਿਸਥਾਰ ਨਾਲ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਸਵੈਰਾਜ ਸੰਧੂ ਖ਼ੁਦ ਇਕ ਪੁਰਾਣੇ ਟ੍ਰੈਕਰ ਰਹੇ ਹਨ ਅਤੇ ਅੱਜ ਵਡੇਰੀ ਉਮਰ ਵਿਚ ਵੀ ਉਹ ਪਿਛਲੇ ਦਿਨੀਂ ਧਰਮਸ਼ਾਲਾ ਤੋਂ ਉਤਾਂਹ ਕਰੇਰੀ ਲੇਕ ਟ੍ਰੈਕ, ਜੋ ਤਕਰੀਬਨ 22 ਕਿਲੋਮੀਟਰ ਦਾ ਹੈ, ਦੋਸਤਾਂ ਨਾਲ ਸਰ ਕਰਕੇ ਪਰਤੇ ਹਨ। ਉਨ੍ਹਾਂ ਨੇ ਟ੍ਰੈਕਿੰਗ ਦੀਆਂ ਬੁਨਿਆਦੀ ਲੋੜਾਂ, ਪਹਿਲਾਂ ਦੀ ਤਿਆਰੀ, ਟ੍ਰੈਕਿੰਗ ਦੌਰਾਨ ਖਾਧੀ ਜਾਣ ਵਾਲੀ ਖੁਰਾਕ ਆਦਿ ਅਤੇ ਟ੍ਰੈਕਿੰਗ ਦਾ ਜਨ-ਜੀਵਨ ਵਿਚ ਮਹੱਤਵ, ਕਰੇਰੀ ਲੇਕ ਦੇ ਆਪਣੇ ਤਜਰਬੇ ਰਾਹੀਂ ਸਾਂਝਾ ਕੀਤਾ ਅਤੇ ਦਰਸ਼ਕਾਂ-ਸਰੋਤਿਆਂ ਦੇ ਦਿਲਚਸਪ ਸਵਾਲਾਂ ਦੇ ਉੱਤਰ ਵੀ ਦਿੱਤੇ।
ਦੂਜੇ ਦੌਰ ਵਿਚ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਦਾ ਫੌਜੀ ਅਦਾਰਿਆਂ ਵਿਚ ਮਾਤ-ਭਾਸ਼ਾ ਪੰਜਾਬੀ ਨੂੰ ਹਟਾ ਕੇ ਸੰਸਕ੍ਰਿਤ ਥੋਪਣ ਉੱਪਰ ਤੱਥਾਂ ਭਰਿਆ ਲੈਕਚਰ ਸੀ। 22 ਮਈ, 2026 ਨੂੰ ਸੈਕਟਰ 17 ਵਿਚ ਪੰਜਾਬੀ ਪਿਆਰਿਆਂ ਨੇ ਇਸ ਵਿਰੁੱਧ ਵੱਡਾ ਧਰਨਾ ਵੀ ਲਾਇਆ ਸੀ, ਜਿਸ ਵਿਚ 1200-1500 ਸਾਹਿਤਕਾਰਾਂ, ਵਿਦਵਾਨਾਂ ਆਦਿ ਨੇ ਭਾਗ ਲੈ ਕੇ ਰੋਸ ਪ੍ਰਗਟਾਇਆ ਸੀ। ਬੁਲਾਰਿਆਂ ਦਾ ਕਹਿਣਾ ਸੀ ਕਿ ਕੇਂਦਰ ਦੀ ਸ਼ਹਿ ‘ਤੇ ਇਹ ਅਦਾਰੇ ਪੰਜਾਬ ਦੀ ਮਿੱਟੀ ਦਾ ਖਾਂਦੇ ਹਨ ਤੇ ਜੁਗਾਲੀ ਹਿੰਦੀ ਅਤੇ ਸੰਸਕ੍ਰਿਤ ਦੀ ਕਰਦੇ ਹਨ। ਪੰਜਾਬ ਸਰਕਾਰ ਵਾਸਤੇ ਸ਼ਾਇਦ ਇਹ ਕੋਈ ਵਿਸ਼ੇਸ਼ ਮੁੱਦਾ ਨਹੀਂ ਹੈ। ਇਹ ਇਕ ਐਸਾ ਕੋਹੜ ਹੈ ਜੋ ਫਿੰਨਸੀ ਦੇ ਰੂਪ ਵਿਚ ਫੈਲਣ ਲੱਗਾ ਹੈ। ਇਸ ਵਿਸ਼ੇ ‘ਤੇ ਸ੍ਰੀ ਬਲਕਾਰ ਸਿੱਧੂ, ਡਾ. ਨਿਰਮਲ ਸਿੰਘ ਬਾਸੀ ਅਤੇ ਸ੍ਰੀ ਕਵਲਨੈਨ ਸਿੰਘ ਸੇਖੋਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਤੀਜੇ ਦੌਰ ਵਿਚ ਕਵੀ ਦਰਬਾਰ ਹੋਇਆ, ਜਿਸ ਵਿਚ ਸਰਵ ਸ੍ਰੀ ਹਰਿੰਦਰ ਹਰ, ਭੁਪਿੰਦਰ ਸਿੰਘ ਮਟੌਰਵਾਲਾ, ਮਹਿੰਦਰ ਸਿੰਘ ਗੋਸਲ, ਸਰਬਜੀਤ ਸਿੰਘ ਪੱਡਾ, ਮਲਕੀਅਤ ਸਿੰਘ ਨਾਗਰਾ, ਬਲਵਿੰਦਰ ਸਿੰਘ ਢਿੱਲੋਂ, ਪੰਨਾ ਲਾਲ ਮੁਸਤਫ਼ਾਬਾਦੀ, ਬਲਕਾਰ ਸਿੱਧੂ, ਰਤਨ ਬਾਬਕਵਾਲਾ ਅਤੇ ਇੰਦਰਜੀਤ ਸਿੰਘ ਜਾਵਾ ਨੇ ਸ਼ਿਰਕਤ ਕੀਤੀ। ਆਖ਼ਿਰ ਵਿਚ ਪ੍ਰਧਾਨਗੀ ਭਾਸ਼ਣ ਵਿਚ ਡਾ. ਪੰਨਾ ਲਾਲ ਮੁਸਤਫ਼ਾਬਾਦੀ, ਜੋ ਵਾਸਤਵ ਵਿਚ ਸਰੀਰਕ ਸਿੱਖਿਆ ਦੇ ਲੈਕਚਰਾਰ ਰਹੇ ਹਨ, ਨੇ ਟ੍ਰੈਕਿੰਗ ਤੇ ਹਾਈਕਿੰਗ ਉੱਪਰ ਬਹੁਤ ਵਿਸਥਾਰ ਨਾਲ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਖ਼ੁਦ ਟ੍ਰੈਕਿੰਗ ਕੋਚ ਹੋਣ ਕਰਕੇ ਉਨ੍ਹਾਂ ਦਾ ਅਨੁਭਵ ਠੋਸ ਤੇ ਸਟੀਕ ਹੈ। ਪੰਜਾਬੀ ਮਾਂ-ਬੋਲੀ ਦੀ ਹੋ ਰਹੀ ਦੁਰਗਤੀ ਦੀ ਗੱਲ ਕਰਦਿਆਂ ਉਨ੍ਹਾਂ ਨੇ ਹਾਜ਼ਰ ਕਵੀਆਂ ਨੂੰ ਉਨ੍ਹਾਂ ਦੀ ਕਾਵਿ-ਘਾਲਣਾ ‘ਤੇ ਵਧਾਈ ਦਿੱਤੀ ਅਤੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।

