Breaking
www.sursaanjh.com > ਅੰਤਰਰਾਸ਼ਟਰੀ > ਸਤਨਾਮ ਸਿੰਘ ਸ਼ੋਕਰ ਦੀ ਕਹਾਣੀ ‘ਬਦਕਾਰ’ ’ਤੇ ਹੋਈ ਚਰਚਾ

ਸਤਨਾਮ ਸਿੰਘ ਸ਼ੋਕਰ ਦੀ ਕਹਾਣੀ ‘ਬਦਕਾਰ’ ’ਤੇ ਹੋਈ ਚਰਚਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜੁਲਾਈ:

ਕਹਾਣੀ ਸੰਗਤ ਚੰਡੀਗੜ੍ਹ ਵੱਲੋਂ ਰਾਣੀ ਲਕਸ਼ਮੀ ਬਾਈ ਭਵਨ ਵਿਖੇ ਚੰਡੀਗੜ੍ਹ ਸਾਹਿਤ ਅਕਾਦਮੀ ਸਹਿਯੋਗ ਨਾਲ਼ ਕਹਾਣੀ ਪਾਠ ਦਾ ਆਯੋਜਨ ਕੀਤਾ ਗਿਆ,  ਜਿਸ ਦੀ ਪ੍ਰਧਾਨਗੀ ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਵੱਲੋਂ ਕੀਤੀ ਗਈ। ਕਹਾਣੀ ਸੰਗਤ ਦੇ ਕਨਵੀਨਰ ਪਰਮਜੀਤ ਮਾਨ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਤਨਾਮ ਸਿੰਘ ਸ਼ੋਕਰ ਨੂੰ ਕਹਾਣੀ ਪੜ੍ਹਨ ਲਈ ਸੱਦਾ ਦਿੱਤਾ। ਸਤਨਾਮ ਸਿੰਘ ਸ਼ੋਕਰ ਨੇ ਆਪਣੀ ਕਹਾਣੀ ‘ਬਦਕਾਰ’ ਦਾ ਪਾਠ ਕੀਤਾ, ਜਿਸ ਉੱਤੇ ਨਿੱਠ ਕੇ ਚਰਚਾ ਹੋਈ। ਇਸ ਕਹਾਣੀ ਬਾਰੇ ਸੰਵਾਦ ਰਚਾਉਂਦਿਆਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਦੀਪਕ ਮਹਿਤਾ ਨੇ ਕਈ ਨੁਕਤੇ ਉਭਾਰੇ। ਉਨ੍ਹਾਂ ਕਿਹਾ ਕਿ ਕਹਾਣੀ ਦੇ ਪਾਤਰਾਂ ਦੇ ਵਾਰਤਲਾਪ ਵਿੱਚ ਜੋ ਖੱਪੇ ਹਨ, ਉਨ੍ਹਾਂ ਨੂੰ ਪੂਰਨ ਦੀ ਜ਼ਰੂਰਤ ਹੈ। ਉਨ੍ਹਾਂ ਕਹਾਣੀ ਦੇ ਨਾਂ ਬਾਰੇ ਵੀ ਕਿੰਤੂ ਕੀਤਾ। ਹਰਨੇਕ ਸਿੰਘ ਕਲੇਰ ਨੇ ਕਿਹਾ ਕਿ ਕਹਾਣੀ ਦੀ ਤਕਨੀਕ, ਬੁਣਤੀ ਅਤੇ ਕਲਾਤਮਿਕਤਾ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਇੰਦਰਜੀਤ ਪ੍ਰੇਮੀ ਨੇ ਕਿਹਾ ਕਿ ਕੁਝ ਕੁ ਸੁਧਾਰ ਬਾਅਦ ਕਹਾਣੀ ਵਧੀਆ ਬਣ ਜਾਵੇਗੀ। ਵਿਸ਼ਾ ਬਾਕਮਾਲ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਸਾਹਿਤ ਸੱਚਾ ਵੀ ਤੇ ਕਾਲਪਨਿਕ ਵੀ ਹੁੰਦੈ। ਕਹਾਣੀ ਵਿੱਚ ਲੇਖਕ ਨੂੰ ਬਹੁਤਾ ਨਹੀਂ ਬੋਲਣਾ ਚਾਹੀਦਾ। ਬਿਰਤਾਂਤ ਸਿਰਜਣ ਦੀ ਲੋੜ ਹੈ। ਸਾਹਿਤ ਫੋਟੋਗ੍ਰਾਫੀ ਨਹੀਂ ਹੁੰਦਾ। ਜਸਵੀਰ ਮਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਕਹਾਣੀ ਬਹੁਤ ਚੰਗੀ ਲੱਗੀ। ਕਹਾਣੀਕਾਰ ਹਰਪ੍ਰੀਤ ਸਿੰਘ ਚੰਨੂੰ ਨੇ ਕਿਹਾ ਕਿ ਹੋਰ ਮਿਹਨਤ ਨਾਲ਼ ਕਹਾਣੀ ਵਧੀਆ ਬਣ ਜਾਵੇਗੀ।

ਪਰਮਜੀਤ ਮਾਨ ਨੇ ਕਿਹਾ ਕਿ ਗਰੀਬ ਘਰ ਦੀ ਸੋਹਣੀ ਔਰਤ ਦਾ ਸੁਹੱਪਣ, ਅਮੀਰਾਂ ਨੂੰ ਕਦੇ ਹਜ਼ਮ ਨਹੀਂ ਹੁੰਦਾ। ਕਹਾਣੀ ਸਿਸਟਮ ਨੂੰ ਨੰਗਾ ਕਰਦੀ ਹੈ। ਉਂਝ ਮਾੜੇ ਸਿਸਟਮ ਵਿੱਚ ਕੋਈ ਕੋਈ ਫੁੱਲ ਵੀ ਟਹਿਕਦਾ ਦਿਖਾਈ ਦਿੰਦਾ ਹੈ। ਸੁਰਜੀਤ ਸੁਮਨ ਨੇ ਕਿਹਾ ਕਿ ਕਹਾਣੀ ਦਾ ਨਾਂ ਕਹਾਣੀ ਵਿੱਚਲੇ ਕਈ ਪਾਤਰਾਂ ਦੇ ਪਾਜ਼ ਉਘਾੜਦਾ ਪ੍ਰਤੀਤ ਹੁੰਦਾ ਹੈ। ਗੁਰਦੀਪ ਮਹੌਣ ਨੇ ਕਿਹਾ ਕਿ ਕਹਾਣੀ ਨੂੰ ਆਕਰਸ਼ਕ ਤੇ ਦਿਲਚਸਪ ਬਣਾਉਣ ਲਈ ਬਿਰਤਾਂਤ ਸਿਰਜਦਿਆਂ ਮੁੜ ਲਿਖਣ ਦੀ ਜ਼ਰੂਰਤ ਹੈ। ਸਰੂਪ ਸਿਆਲ਼ਵੀ ਨੇ ਕਿਹਾ ਕਿ ਇੱਕ ਸੱਚੀ ਘਟਨਾ ਤੇ ਆਧਾਰਤ ਸ਼ੋਕਰ ਜੀ ਦੀ ਕਹਾਣੀ ਵਿੱਚ ਬੇਸ਼ੱਕ ਹੋਰ ਸੁਧਾਰ ਦੀ ਲੋੜ ਹੈ, ਪਰੰਤੂ ਇਹ ਆਪਣੇ ਸਮੇਂ ਦੀ ਕੌੜੀ ਸਚਾਈ ਪਾਠਕ ਅੱਗੇ ਪਰੋਸਦੀ ਹੈ। ਯਤਿੰਦਰ ਮਾਹਲ ਨੇ ਕਿਹਾ ਕਿ ਕਹਾਣੀ ਵਧੀਆ ਹੈ ਪਰ ਕਹਾਣੀਕਾਰ ਦੀ ਬਜਾਏ ਪਾਤਰਾਂ ਨੂੰ ਬੋਲਣਾ ਚਾਹੀਦਾ ਹੈ। ਉਨ੍ਹਾਂ ਕਈ ਮਹੱਤਵਪੂਰਨ ਨੁਕਤੇ ਉਠਾਏ। ਗੁਰਮੀਤ ਸਿੰਘ ਸਿੰਗਲ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਹਾਣੀ ਦਾ ਨਾਂ ਬਦਲਣ ਲਈ ਜ਼ੋਰ ਦਿੰਦਿਆਂ ਕਿਹਾ ਕਿ ਬੋਲੋੜੇ ਵਾਰਤਾਲਾਪ ਦੀ ਬਜਾਏ ਚੁਸਤ ਵਾਰਤਾਲਾਪ ਨੂੰ ਪਹਿਲ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *