Breaking
www.sursaanjh.com > ਅੰਤਰਰਾਸ਼ਟਰੀ > ਸਾਫ਼ ਸੁੱਥਰੀ ਸੱਭਿਅਕ ਗਾਇਕੀ ਦਾ ਮਾਣ ਹੈ ਅਮਰ ਵਿਰਦੀ/ ਮਲਕੀਤ ਮਾਹੀ 

ਸਾਫ਼ ਸੁੱਥਰੀ ਸੱਭਿਅਕ ਗਾਇਕੀ ਦਾ ਮਾਣ ਹੈ ਅਮਰ ਵਿਰਦੀ/ ਮਲਕੀਤ ਮਾਹੀ 

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜੁਲਾਈ:
ਮਾਖਿਓ ਮਿੱਠੀ ਪੰਜਾਬੀ ਮਾਂ ਬੋਲੀ ਦਾ ਸੱਭਿਆਚਾਰਕ ਲੋਕ ਵਿਰਸਾ ਜਿੰਨਾ ਅਮੀਰ ਹੈ, ਸ਼ਾਇਦ ਹੀ ਹੋਰ ਕਿਸੇ ਦਾ ਹੋਵੇ। ਇਸ ਲਈ ਤਾਂ ਕੁੱਲ ਆਲਮ ਵਿੱਚ ਪੰਜਾਬੀ ਗੀਤ ਸੰਗੀਤ ਤੇ ਗਾਇਕੀ ਨੇ ਝੰਡੇ ਬੁਲੰਦ ਕੀਤੇ ਹਨ। ਪੰਜਾਬੀ ਗਾਇਕੀ ਦਾ ਇਤਿਹਾਸ ਨਿਰਸੰਦੇਹ ਉਹਨਾਂ ਨਾਵਾਂ ਤੋਂ ਬਿਨਾਂ ਅਧੂਰਾ ਹੈ, ਜਿਨ੍ਹਾਂ ਨੇ ਸ਼ੋਰ ਨਹੀਂ ਸੁਰ ਬਣ ਕੇ ਲੋਕਾਂ ਦਿਲਾਂ ਵਿੱਚ ਘਰ ਕੀਤਾ ਹੈ। ਅਜਿਹਾ ਹੀ ਇੱਕ ਨਾਂ ਹੈ; ਅਮਰ ਵਿਰਦੀ, ਜਿਸ ਦੀ ਗਾਇਕੀ ਸੁਰ ਵਿੱਚ ਲੋਹੜੇ ਦੀ ਮਿਠਾਸ, ਗ਼ਜ਼ਬ ਦਾ ਸੁਰੀਲਾਪਣ ਹੈ। ਦੋਆਬਾ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਆਉਂਦੇ ਲਲਵਾਨ ਪਿੰਡ ਦੇ ਬਾਸਿੰਦੇ ਪਿਤਾ ਸ਼੍ਰੀ ਦਾਸ ਰਾਮ ਤੇ ਮਾਤਾ ਸ੍ਰੀਮਤੀ ਕਰਮੀ ਦੇਵੀ ਦੇ ਪਰਿਵਾਰ ਵਿੱਚ 21 ਮਈ 19 56 ਵਿੱਚ ਜਨਮੇ ਅਮਰ ਵਿਰਦੀ ਨੂੰ ਛੋਟੇ ਹੁੰਦੇ ਹੀ ਗਾਇਨ ਕਲਾ ਨਾਲ ਗੂੜਾ ਮੋਹ ਸੀ ਜੋ ਕਿ  ਸ਼ੌਂਕੀਆ ਤੌਰ ‘ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਗੁਰਬਾਣੀ ਦੇ ਸ਼ਬਦ ਗਾਇਆ ਕਰਦਾ ਸੀ। ਸਹਿਜੇ ਸਹਿਜੇ ਉਸ ਦੀ ਸੁਰ ਮੰਡਲ ਵਿੱਚ ਪ੍ਰਪੱਕਤਾ ਆਉਂਦੀ ਗਈ ਤੇ ਵਿਦਿਅਕ ਤਾਲੀਮ ਦੌਰਾਨ ਸਕੂਲ ਅਤੇ ਕਾਲਜਾਂ ਦੇ ਰੰਗਾਂ ਰੰਗ ਪ੍ਰੋਗਰਾਮ ਦੌਰਾਨ ਉਹ ਅਕਸਰ ਹੀ ਉਹਨਾਂ ਵੇਲਿਆਂ ਦੇ ਚਰਚਿਤ ਗੀਤਾਂ ਚੋਂ ਦਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਮੇਰੀ ਐਸੀ ਝਾਂਜਰ ਛਣਕੇ, ਗਿੱਧਿਆਂ ਦੀ ਰਾਣੀਏ ਗਿੱਧੇ ਵਿੱਚ ਆ, ਜੱਟੀਆਂ ਪੰਜਾਬ ਦੀਆਂ ਤੇ  ਪੀੜ ਤੇਰੇ ਜਾਣਦੀ, ਰੰਗਾ ਰੰਗ ਪ੍ਰੋਗਰਾਮ ਦੀਆਂ ਸਟੇਜਾਂ ਤੋਂ ਗਾ ਕੇ ਖੂਬ ਪ੍ਰਸੰਸਾ ਖੱਟਦਾ ਰਿਹਾ ਹੈ।
ਗਾਇਕੀ ਦੇ ਉਸ ਦੇ ਅਵੱਲੜੇ ਸ਼ੌਕ ਨੂੰ ਦੇਖਦਿਆਂ ਉਹਦੇ ਯਾਰਾਂ ਦੋਸਤਾਂ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਤੂੰ ਆਪਣੇ ਗੀਤ ਤਿਆਰ ਕਰੇਂ ਤਾਂ ਤੇਰਾ ਵੀ ਗਾਇਕੀ ਵਿੱਚ ਵੱਖਰਾ ਨਾਂ ਬਣੇਗਾ। ਫਿਰ ਕੀ ਸੀ, ਅਮਰ ਵਿਰਦੀ ਦੇ ਮਨ ਨੂੰ ਇਹ ਸੁਝਾਅ ਜੱਚ  ਗਏ ਤੇ ਉਸਨੇ ਇੱਕ ਮਨ ਚਿੱਤ ਹੋ ਕੇ ਗਾਇਕੀ ਨੂੰ ਪਰਪੱਕ ਕਰਨ ਲਈ, ਦਿਲੋਂ ਮਿਹਨਤ ਕੀਤੀ, ਜਿਸਦੇ ਫਲਸਰੂਪ ਪਹਿਲੀ ਵਾਰ ਉਸ ਨੂੰ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਐਮ. ਐਮ.ਸਭਰਵਾਲ ਹੁਰਾਂ ਦੇ ਅਣਮੁੱਲੇ ਸਹਿਯੋਗ ਸਦਕਾ ਉਸਦੇ ਸਿਦਕ ਤੇ ਮਿਹਨਤ ਨੇ ਐਸੇ ਰੰਗ ਦਿਖਾਏ ਕਿ ਹਾਲ ਵਿੱਚ ਬੈਠੇ ਦਰਸ਼ਕਾਂ ਦੀਆਂ ਤਾੜੀਆਂ ਨੇ ਉਸਦੇ ਹੌਸਲਿਆ ਨੂੰ ਉੱਚੀ ਪ੍ਰਵਾਜ਼ ਭਰਨ ਦੀ ਹਿੰਮਤ ਦਿੱਤੀ।
ਜਿਵੇਂ ਸਿਆਣੇ ਕਹਿੰਦੇ ਨੇ ਕਿ ਜਿੱਥੇ ਚਾਹ ਉੱਥੇ ਰਾਹ। ਉੱਘੇ ਗੀਤਕਾਰ ਰਣਯੋਧ ਰਾਣਾ ਤੇ ਉਸਦੀ ਸ਼ਰੀਕ-ਏ-ਹਯਾਤ ਸੁਨੀਤਾ  ਵਿਰਦੀ ਹੋਰਾਂ ਦੇ ਵੱਡਮੁੱਲੇ ਸਹਿਯੋਗ ਸਦਕਾ ਅਮਰ ਵਿਰਦੀ ਨੂੰ ਪਲੇਠੀ ਕੈਸਟ “ਬਮ ਬਮ ਵੇ ਰੇਲ ਗੱਡੀ ਆਈ ਆ”  ਮਿਊਜ਼ਿਕ ਡਾਇਰੈਕਟਰ ਸੁਰਿੰਦਰ ਬੱਚਨ ਦੇ ਸੰਗੀਤ ਵਿੱਚ ਸ਼ਿੰਗਾਰੀ ਵੈਸਟਰਨ ਮਿਊਜ਼ਿਕ ਤੋਂ ਰਲੀਜ਼ ਕਰਾਉਣ ਦਾ ਸੁਭਾਗਾ ਮੌਕਾ ਮਿਲਿਆ, ਜਿਸ ਦਾ ਕਹਿਣਾ ਕਿ ਰੱਬ ਨੇ ਇੰਜ ਨੇੜੇ ਹੋ ਕੇ ਸੁਣੀ ਕਿ ਉਮੀਦ ਤੋਂ ਕਿਤੇ ਵੱਧ ਕੈਸਟ ਦੇ ਸਾਰੇ ਗੀਤਾਂ ਨੂੰ ਰੱਜਵਾਂ ਹੁੰਗਾਰਾ ਮਿਲਿਆ, ਜਿਸ ਦੇ ਫ਼ਲਸਰੂਪ ਉਸ ਦਾ ਸਿਰਕੱਢਵੇ ਗਾਇਕਾਂ ਵਿੱਚ ਨਾਂ ਆ ਗਿਆ। ਫਿਰ ਕੀ ਸੀ ਗੱਡੀ ਲੀਅ ‘ਤੇ ਇੰਜ ਦੀ ਚੜੀ ਕਿ ਦੂਜੀ ਧਾਰਮਿਕ ਕੈਸਟ “ਗੋਬਿੰਦ ਦੇ ਚੋਜ ਨਿਆਰੇ” ਵੀ ਧਾਰਮਿਕ ਹਲਕਿਆਂ ਵਿੱਚ ਖੂਬ ਪਸੰਦ ਕੀਤੀ ਗਈ।
ਇਸੇ ਤਰ੍ਹਾਂ ਹੀ ਫਿਰ ਪ੍ਰਸਿੱਧ ਗਾਇਕਾ ਸੁਚੇਤ ਬਾਲਾ ਨਾਲ ਡਿਊਟ ਗੀਤਾਂ ਦੀ ਕੈਸਟ “ਝੱਟ ਮੰਗਣੀ ਪੱਟਕ ਸ਼ਾਦੀ” ਜਿਸ ਦੇ ਗੀਤ ਵੀ ਸਰੋਤਿਆਂ ਦੀ ਪਸੰਦ ਦੀ ਕਸੌਟੀ ‘ਤੇ ਸੋਨੇ ਵਾਂਗ ਖਰੇ ਉਤਰੇ। ਸੋਲੋ ਕੈਸਟ “ਪ੍ਰੀਤਾਂ ਦਾ ਵਣਜਾਰਾ” ‘ਆਦਿ ਦੇ ਗੀਤਾਂ ਨੇ ਵੀ ਉਸ ਦੀ ਗਾਇਕੀ ਦਾ ਖੂਬ ਲੋਹਾ ਮਨਵਾਇਆ। ਫਿਰ ਉਸ ਦੀ ਪ੍ਰਸਿੱਧ ਮਿਊਜਿਕ ਕੰਪਨੀ ਐਚ. ਐਮ. ਵੀ. ਤੋਂ “ਤੇਰੇ ਨਾਲ ਨੱਚਣਾ” ਪ੍ਰਸਿੱਧ ਸੰਗੀਤਕਾਰ ਕੰਵਰ ਇਕਵਾਲ ਦੇ ਸੰਗੀਤ ਵਿੱਚ ਪਰੋਈ ਕੈਸਟ, ਜਿਸਦੇ ਗੀਤਾਂ ਨੇ ਵੀ ਉਸਦੀ ਗਾਇਕੀ ਨੂੰ ਹਰਮਨ ਪਿਆਰਾ ਗਾਇਕ ਬਣਾ ਦਿੱਤਾ। ਅਮਰ ਵਿਰਦੀ ਨੇ ਗੱਲਬਾਤ ਦੇ ਸਿਲਸਿਲੇ ਵਿੱਚ ਗੱਲ ਤੋਰਦਿਆਂ ਦੱਸਿਆ ਕਿ ਉਸਨੇ ਫਿਰ ਕਦੇ ਪਿਛਾਂਹ ਮੁੜ ਕੇ ਨਹੀਂ ਦੇਖਿਆ। ਜਲੰਧਰ ਦੂਰਦਰਸ਼ਨ ਦੇ 1989 ਤੋਂ ਲਗਾਤਾਰ ਰੰਗਾਂ ਰੰਗ ਪ੍ਰੋਗਰਾਮਾਂ ਰੌਣਕ ਮੇਲਾ,  ਇੱਕ ਲੱਪ ਸੁਰਮੇ ਦੀ, ਲਿਸ਼ਕਾਰਾ ਤੇ ਹੁੱਲੇ- ਹੁਲਾਰੇ ਵਿੱਚ ਖੁੱਲ੍ਹ ਕੇ ਸ਼ਿਰਕਤ ਕੀਤੀ ਤੇ ਇਹਨਾਂ ਪ੍ਰੋਗਰਾਮਾਂ ਦਾ ਵੀ ਚਰਚਿਤ ਗਾਇਕ ਬਣ ਗਿਆ। ਗਾਇਕੀ ਵਿੱਚ ਸਮੇਂ ਸਮੇਂ ਸਿਰ ਉਸਨੇ ਪੰਜਾਬ ਤੋਂ ਇਲਾਵਾ ਉਹ ਨਹਿਰੂ ਯੁਵਕ ਕੇਂਦਰ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਰਾਹੀਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪ੍ਰੋਗਰਾਮ ਕਰ ਚੁੱਕਾ ਹੈ ਅਤੇ ਵਿਦੇਸ਼ਾਂ ਵਿੱਚ ਉਹ ਇੰਗਲੈਂਡ, ਫਰਾਂਸ, ਅਮਰੀਕਾ ਦੇ ਵਿੱਚ ਡਾਂਸ ਡਾਇਰੈਕਟਰ ਕਾਨੂੰ ਮੁੱਖਰਜੀ ਅਤੇ ਰਮੇਸ਼ ਢੋਲੀ ਹੋਰਾਂ ਦੇ ਗਰੁੱਪ ਨਾਲ ਸਫਲਤਾਪੂਰਪਕ ਸ਼ੋਅ ਕਰ ਚੁੱਕਿਆ ਹੈ। ਪਲੇਅ ਬੈਕ ਸਿਗਿੰਗ ਬਾਰੇ ਜ਼ਿਕਰ ਕਰਦਿਆਂ ਅਮਰ ਵਿਰਦੀ ਦਾ ਕਹਿਣਾ ਕੇ ਪ੍ਰੋਡਿਊਸਰ ਅਤੇ ਡਾਇਰੈਕਟਰ ਜਸਪਾਲ ਢਿਲੋਂ ਦੀ ਫਿਲਮ “ਪ੍ਰਦੇਸ਼ਣ’ ਜਰਨੈਲ ਬਸਰਾ ਦੀ ਜਾਗੀਰਦਾਰ ਤੇ ਜਰਨੈਲ ਹੁਸ਼ਿਆਰਪੁਰੀ ਦੀ ਵੀਡੀਓ ਫਿਲਮ ਲੱਗ ਚਰਨੀ ਸਤਿਗੁਰਾਂ ਦੇ ਆਦਿ ਵਿੱਚ ਆਪਣੀ ਦਿਲਕਸ਼ ਆਵਾਜ਼ ਦੇ ਸੁਰੀਲੇ ਰੰਗ ਦਿਖਾ ਚੁੱਕਿਆ ਹੈ। ਗਾਇਕੀ ਦੇ ਇਸ ਮੰਜ਼ਲ-ਏ-ਮੁਕਾਮ ਤੱਕ ਪੁੱਜਣ ਲਈ ਉਹ ਵਿਸ਼ੇਸ਼ ਤੌਰ ਤੇ ਆਪਣੀ ਪਤਨੀ ਸੁਨੀਤਾ ਵਿਰਦੀ ਅਤੇ ਗੀਤਕਾਰ ਰਣਯੋਧ ਰਾਣਾ ਹੁਰਾਂ ਦੀ ਸਹੀ ਅਗਵਾਈ ਤੇ ਅਣਮੁੱਲੇ ਸਹਿਯੋਗ ਨੂੰ ਮੰਨਦਾ ਹੈ। ਇਨ੍ਹਾਂ ਦਾ ਸਹਿਯੋਗ ਉਸਨੂੰ ਗਾਇਕੀ ਖੇਤਰ ਵਿਚ ਨਰੋਏ ਕਦਮੀ ਹੋਣ ਵਿੱਚ ਸਹਾਈ ਸਾਬਤ ਹੋਇਆ, ਜਿਸ ਦਾ ਇਹ ਵੀ ਕਹਿਣਾ ਹੈ ਕਿ ਉਸਦੇ ਇਸ ਸਾਫ਼ ਸੁੱਥਰੇ ਗਾਇਕੀ ਅੰਦਾਜ਼ ਨੂੰ ਨਿਖਾਰਨ ਵਿਚ ਖਾਸ ਕਰਕੇ ਗੀਤਕਾਰਾਂ ਵਿੱਚੋ ਭੁਪਿੰਦਰ ਮਟੌਰ ਵਾਲਾ, ਜਰਨੈਲ ਹੁਸ਼ਿਆਰਪੁਰੀ, ਬਲਵੀਰ ਲਹਿਰਾ, ਮੋਹਣ ਪ੍ਰੀਤ, ਮਾਹੀ ਮਲਕੀਤ, ਹਰਬੰਸ ਪ੍ਰੀਤ, ਰਾਜ ਜਖਮੀ, ਜੈਪਾਲ ਬਲੌਂਗੀ ਵਾਲਾ, ਕੇਵਲ ਮਾਣਕਪੁਰੀ ਆਦਿ ਦੇ ਲਿਖੇ ਸੱਭਿਅਕ ਗੀਤਾਂ ਦੇ ਬੋਲਾਂ ਨੇ ਉਸ ਦੀ ਗਾਇਕੀ ਨੂੰ ਚਾਰ ਚੰਨ ਲਾਏ ਹਨ। ਆਪਣੇ ਅਜੋਕੇ ਗਾਇਕੀ ਦੌਰ ਦੀਆਂ ਤਾਜ਼ਾ ਸਰਗਰਮੀਆਂ ਦੇ ਜ਼ਿਕਰ ਵਿੱਚ ਆਪਣੇ ਯੂ ਟਿਊਬ ਚੈਨਲ ਉੱਤੇ ਚਲ ਰਹੇ ਸੱਜਰੇ ਸਿੰਗਲ ਟਰੈਕ ਗੀਤਾਂ ਦੇ ਵੇਰਵੇ ਵਿੱਚ ਮਿਲਦੇ ਗਿਲਦੇ ਰਿਹਾ ਕਰੋ, ਤਸਵੀਰਾਂ ਬੋਲਦੀਆਂ, ਮਾਪਿਆਂ ਦਾ ਸਤਿਕਾਰ ਕਰੋ, ਧਾਰਮਿਕ ਜੈ ਮਾਤਾ ਦੀ ਬੋਲ, ਹਰਿ ਨਾਮ ਸਿਮਰਨ ਆਦਿ ਖ਼ੂਬ ਪਸੰਦ ਕੀਤੇ ਜਾ ਰਹੇ ਹਨ। ਅਮਰ ਵਿਰਦੀ ਪੰਜਾਬ ਸਿਵਲ ਸਕੱਤਰੇਤ ਵਿੱਚੋਂ ਬਤੌਰ ਸੁਪਰਡੰਟ ਕਲਾਸ ਵੰਨ ਅਫ਼ਸਰ ਸੇਵਾ-ਮੁਕਤੀ ਬਾਅਦ ਪਰਿਵਾਰਿਕ ਆਨੰਦ ਮਾਣ ਰਹੇ ਹਨ। ਉਨ੍ਹਾਂ ਦੀ ਗਾਇਕੀ ਤੇ ਸਰਸਰੀ ਨਜ਼ਰ ਮਾਰਦਿਆਂ ਅੱਜ ਜਦੋਂ ਪੰਜਾਬੀ ਗਾਇਕੀ ਸ਼ੋਰ-ਸ਼ਰਾਬੇ ਤੇ ਚਮਕ-ਦਮਕ ਦੀ ਭੀੜ ਵਿੱਚ ਗੁਆਚਦੀ ਜਾ ਰਹੀ ਹੈ, ਉਦੋਂ ਅਮਰ ਵਿਰਦੀ ਵਰਗੇ ਕਲਾਕਾਰ ਦੀਵੇ ਵਾਂਗ ਰਾਹ ਦਿਖਾਉਂਦੇ ਹਨ। ਸਾਢੇ ਤਿੰਨ ਚਾਰ ਦਹਾਕੇ ਤੋਂ ਬਿਨਾਂ ਕਿਸੇ ਵਿਵਾਦ, ਬਿਨਾਂ ਕਿਸੇ ਸ਼ੋਅ-ਆਫ ਦੇ ਸਿਰਫ ਸੱਭਿਆਚਾਰ ਤੇ ਸੰਸਕਾਰਾਂ ਨਾਲ ਜੁੜੇ ਰਹਿਣਾ ਕੋਈ ਸੌਖਾ ਕੰਮ ਨਹੀਂ। ਸਰਕਾਰੀ ਸੇਵਾ ਤੋਂ ਰਿਟਾਇਰ ਹੋ ਕੇ ਵੀ ਜੋ ਕਲਾਕਾਰ ਅੱਜ ਵੀ ਮਾਪਿਆਂ ਦਾ ਸਤਿਕਾਰ ਕਰੋ ਤੇ ਬੋਲ ਹਰੀ ਦਾ ਨਾਮ ਸਿਮਰਨ ਵਰਗੇ ਗੀਤ ਗਾ ਰਿਹਾ ਹੈ, ਉਹ ਸਿਰਫ ਗਾਇਕ ਨਹੀਂ, ਨਵੀਆਂ ਪੀੜ੍ਹਆਂ ਲਈ ਮਿਸਾਲ ਹੈ। ਦੁਆ ਹੈ ਕਿ ਉਹਨਾਂ ਦੀ ਆਵਾਜ਼ ਇੰਝ ਹੀ ਗੂੰਜਦੀ ਰਹੇ, ਕਿਉਂਕਿ ਜਦ ਤੱਕ ਅਮਰ ਵਿਰਦੀ ਵਰਗੇ ਗਾਇਕ ਗਾਉਣਗੇ, ਮਿੱਟੀ ਦੀ ਖੁਸ਼ਬੂ ਜ਼ਿੰਦਾ ਰਹੇਗੀ।
ਮਲਕੀਤ ਮਾਹੀ ਖਰੜ (ਮੋਹਾਲੀ)-ਮੋਬਾ. 9417082829

Leave a Reply

Your email address will not be published. Required fields are marked *