ਰਾਣਾ ਗੁਰਜੀਤ ਸਿੰਘ, ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਸ਼ਾਹਕੋਟ ਵਿੱਚ ਕਸਾਵਾ ਖੇਤੀ ਨੂੰ ਉਤਸ਼ਾਹਿਤ – ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪਾਣੀ ਬਚਾਉਣ ’ਤੇ ਜ਼ੋਰ
ਸ਼ਾਹਕੋਟ (ਸੁਰ ਸਾਂਝ ਡਾਟ ਕਾਮ ਬਿਊਰੋ), 24 ਫਰਵਰੀ:
ਫਸਲੀ ਵਿਵਿਧੂਤਾ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ, ਸਲਤਾਨਪੁਰ ਲੋਧੀ ਤੋਂ ਵਿਧਾਇਕ ਨੇ ਅੱਜ ਸ਼ਾਹਕੋਟ ਨੇੜਲੇ ਪਿੰਡ ਮਲਸੀਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਰਵਾਇਤੀ ਪਾਣੀ-ਗਾਹਕ ਫਸਲਾਂ ਦੀ ਥਾਂ ਕਸਾਵਾ ਦੀ ਖੇਤੀ ਨੂੰ ਇਕ ਲਾਭਕਾਰੀ ਵਿਕਲਪ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ। ਕਿਸਾਨਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਦੇ ਤੇਜ਼ੀ ਨਾਲ ਘਟ ਰਹੇ ਧਰਤੀ ਹੇਠਲੇ ਜਲ ਸਤਰ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ, “ਸਾਨੂੰ ਆਪਣਾ ਜ਼ਮੀਨੀ ਪਾਣੀ ਬਚਾਉਣਾ ਪਵੇਗਾ, ਜੋ ਹਰ ਸਾਲ ਲਗਭਗ ਇੱਕ ਮੀਟਰ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ।” ਆਪਣੇ ਪਿਛਲੇ ਉਪਰਾਲਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, “ਮੈਂ ਆਪਣੇ ਆਪ ਨੂੰ ਕਿਸਾਨ ਸਮਝਦਾ ਹਾਂ। ਮੇਰਾ ਕੰਮ ਸਿਰਫ਼ ਵਿਧਾਨ ਸਭਾ ਵਿੱਚ ਲੋਕਾਂ ਦੀ ਨੁਮਾਇੰਦਗੀ ਕਰਨਾ ਹੀ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਨਾ ਵੀ ਹੈ। 2019 ਵਿੱਚ ਜਦੋਂ ਮਜ਼ਦੂਰਾਂ ਦੀ ਭਾਰੀ ਕਮੀ ਸੀ, ਤਦ ਮੈਂ ਪੀ.ਏ.ਯੂ. ਦੇ ਸਹਿਯੋਗ ਨਾਲ ਡਾਇਰੈਕਟ ਸੀਡਿੰਗ ਆਫ ਰਾਈਸ (DSR) ਨੂੰ ਉਤਸ਼ਾਹਿਤ ਕੀਤਾ। ਇਹ ਤਕਨੀਕ 2007–08 ਵਿੱਚ ਵਿਕਸਿਤ ਹੋਈ ਸੀ।” ਉਨ੍ਹਾਂ ਦੱਸਿਆ ਕਿ ਇਸ ਤਰੀਕੇ ਨਾਲ 30 ਫੀਸਦੀ ਤੱਕ ਪਾਣੀ ਬਚਾਇਆ ਗਿਆ, ਪਰ ਬਾਅਦ ਵਿੱਚ ਝੋਨਾ ਉਗਾਉਣ ਵਾਲੇ ਕਿਸਾਨ ਮੁੜ ਰਵਾਇਤੀ ਤਰੀਕੇ ਵੱਲ ਵਾਪਸ ਮੁੜ ਗਏ। ਉਨ੍ਹਾਂ ਚੇਤਾਵਨੀ ਦੇਂਦਿਆਂ ਕਿਹਾ ਕਿ ਅਸੀਂ ਲਗਭਗ 16 ਬਿਲੀਅਨ ਕਿਊਬਿਕ ਫੁੱਟ ਵੱਧ ਧਰਤੀ ਹੇਠਲੇ ਪਾਣੀ ਕੱਢ ਰਹੇ ਹਾਂ, ਜਿਸ ਨਾਲ ਪੰਜਾਬ ਦਾ ਕੀਮਤੀ ਕੁਦਰਤੀ ਖਜ਼ਾਨਾ ਖ਼ਤਮ ਹੋ ਰਿਹਾ ਹੈ।”


ਕਿਸਾਨਾਂ ਨੂੰ ਨਵੀਆਂ ਫਸਲਾਂ ਵੱਲ ਕਦਮ ਵਧਾਉਣ ਲਈ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਾਰਕੀਟਿੰਗ ਦੀ ਚਿੰਤਾ ਅਕਸਰ ਫ਼ਸਲੀ ਵਿਭਿੰਨਤਾ ਵਿੱਚ ਰੁਕਾਵਟ ਬਣਦੀ ਹੈ। “ਜਦੋਂ ਵੀ ਅਸੀਂ ਨਵੀਂ ਫਸਲ ਦੀ ਗੱਲ ਕਰਦੇ ਹਾਂ, ਕਿਸਾਨ ਤੁਰੰਤ ਉਸਦੀ ਖਰੀਦ-ਫ਼ਰੋਖ਼ਤ ਬਾਰੇ ਪੁੱਛਦੇ ਹਨ। ਮੈਂ ਉਨ੍ਹਾਂ ਦੀ ਚਿੰਤਾ ਨੂੰ ਸਮਝਦਾ ਹਾਂ। ਇਸ ਲਈ ਮੈਂ ਮਾਨਸੂਨੀ ਮੱਕੀ ਨੂੰ ਨਾ ਸਿਰਫ਼ ਉਤਸ਼ਾਹਿਤ ਕੀਤਾ, ਸਗੋਂ ਉਸਦੀ ਖਰੀਦ ਦਾ ਭਰੋਸਾ ਵੀ ਦਿੱਤਾ ਅਤੇ ਅਗਲੇ ਸਾਲ ਵੀ ਇਸ ਵਾਅਦੇ ’ਤੇ ਕਾਇਮ ਰਹਾਂਗਾ” ਉਨ੍ਹਾਂ ਕਿਹਾ।
ਕਸਾਵਾ ਦੀ ਸੰਭਾਵਨਾ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਇਸਨੂੰ ਗਲੂਟਨ-ਮੁਕਤ ਅਤੇ ਕੀਟ-ਨਾਸ਼ਕ ਫਸਲ ਕਰਾਰ ਦਿੱਤਾ, ਜਿਸਨੂੰ ਘੱਟ ਦੇਖਭਾਲ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ “ਕਸਾਵਾ ਨੂੰ ਦੋ ਇੰਚ ਗਹਿਰਾਈ ਅਤੇ 36 ਇੰਚ ਦੇ ਫਾਸਲੇ ’ਤੇ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਏਕੜ ਲਗਭਗ 5,000 ਪੌਦੇ ਲਗ ਸਕਦੇ ਹਨ, ਜਿਨ੍ਹਾਂ ਤੋਂ ਹਰ ਪੌਦੇ ਤੋਂ ਤਕਰੀਬਨ ਪੰਜ ਕਿਲੋਗ੍ਰਾਮ ਉਪਜ ਮਿਲਦੀ ਹੈ। ਇਸ ਤਰ੍ਹਾਂ ਪ੍ਰਤੀ ਏਕੜ ਕਰੀਬ 250 ਕਵਿੰਟਲ ਉਤਪਾਦਨ ਸੰਭਵ ਹੈ।” ਉਨ੍ਹਾਂ ਕਿਹਾ ਕਿ “ਪਹਿਲੇ ਤਿੰਨ ਮਹੀਨਿਆਂ ਵਿੱਚ ਕੁਝ ਦੇਖਭਾਲ ਅਤੇ ਸਿਰਫ਼ ਇੱਕ ਜੜੀ-ਬੂਟੀਨਾਸ਼ਕ ਛਿੜਕਾਅ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਫਸਲ ਸੱਤ ਤੋਂ ਨੌਂ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ।”
ਉਨ੍ਹਾਂ ਦੱਸਿਆ ਕਿ ਕਸਾਵਾ ਦੋਮਟ ਅਤੇ ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਕਰਦੀ ਹੈ, ਜਿਸ ਕਰਕੇ ਇਹ ਦੋਆਬਾ ਖੇਤਰ ਲਈ ਉਚਿਤ ਹੈ। “ਮੈਨੂੰ ਯਕੀਨ ਹੈ ਕਿ ਦੋਆਬਾ ਦੇ ਮਿਹਨਤੀ ਕਿਸਾਨ ਕਸਾਵਾ ਨੂੰ ਵੀ ਉਨੀ ਹੀ ਕਾਮਯਾਬੀ ਦੇਣਗੇ ਜਿੰਨੀ ਉਨ੍ਹਾਂ ਮੱਕੀ ਅਤੇ ਚੁਕੰਦਰ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੱਕੀ ਦੀ ਉਪਜ 20 ਕਵਿੰਟਲ ਤੋਂ ਵੱਧ ਕੇ ਲਗਭਗ 50 ਕਵਿੰਟਲ ਪ੍ਰਤੀ ਏਕੜ ਹੋ ਗਈ ਹੈ, ਜਦਕਿ ਚੁਕੰਦਰ ਦੀ ਖੇਤੀ 15,000 ਏਕੜ ਤੱਕ ਫੈਲ ਚੁੱਕੀ ਹੈ ਅਤੇ 500 ਕਵਿੰਟਲ ਪ੍ਰਤੀ ਏਕੜ ਉਪਜ ਦੇ ਰਹੀ ਹੈ।” ਆਰਥਿਕ ਪੱਖੋਂ ਕਸਾਵਾ ਦੀ ਲਾਭਕਾਰੀਤਾ ਉਤੇ ਜ਼ੋਰ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ, “ਵਰਤਮਾਨ ਵਿੱਚ ਕਸਾਵਾ ਲਗਭਗ 15 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਹੀ ਹੈ, ਜਿਸ ਨਾਲ ਪ੍ਰਤੀ ਏਕੜ ਕਰੀਬ 2.5 ਲੱਖ ਰੁਪਏ ਦੀ ਆਮਦਨ ਸੰਭਵ ਹੈ। ਉਨ੍ਹਾਂ ਕਿਹਾ ਕਿ ਠੀਕ ਮਾਰਕੀਟਿੰਗ ਨਾਲ ਕੀਮਤ 20 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਉੱਪਰ ਜਾ ਸਕਦੀ ਹੈ, ਆਲੂ ਵਰਗੀਆਂ ਫਸਲਾਂ ਦੇ ਮੁਕਾਬਲੇ, ਜਿੱਥੇ ਕੀਮਤਾਂ ਵਿੱਚ ਉਤਾਰ-ਚੜ੍ਹਾਅ ਨਾਲ ਨੁਕਸਾਨ ਹੁੰਦਾ ਹੈ, ਕਸਾਵਾ ਸਥਿਰ ਅਤੇ ਵੱਧ ਮੁਨਾਫ਼ਾ ਦਿੰਦੀ ਹੈ।” ਉਨ੍ਹਾਂ ਘੱਟੋ-ਘੱਟ 20 ਕਿਸਾਨਾਂ ਨੂੰ ਕਸਾਵਾ ਫ਼ਸਲ ਇਕ-ਇਕ ਏਕੜ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂਆਤ ਕਰਨ ਦੀ ਅਪੀਲ ਕੀਤੀ। ਮਾਰਕੀਟਿੰਗ ਸੰਬੰਧੀ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ, “ਜੇ ਮੈਂ ਮੱਕੀ ਦਾ ਸਾਥ ਦੇ ਸਕਦਾ ਹਾਂ ਤਾਂ ਕਸਾਵਾ ਦਾ ਵੀ ਦੇਵਾਂਗਾ। ਮਾਰਕੀਟਿੰਗ ਕੋਈ ਸਮੱਸਿਆ ਨਹੀਂ ਹੋਵੇਗੀ। ਉਨਾਂ ਕਿਹਾ ਕਿ ਖਰੀਦ ਅਤੇ ਪ੍ਰੋਸੈਸਿੰਗ ਯਕੀਨੀ ਬਣਾਉਣਾ ਮੇਰੀ ਜ਼ਿੰਮੇਵਾਰੀ ਹੈ। ਕਟਾਈ ਤੋਂ 48 ਘੰਟਿਆਂ ਦੇ ਅੰਦਰ ਉਤਪਾਦ ਨੂੰ ਫੈਕਟਰੀਆਂ ਤੱਕ ਪਹੁੰਚਾਇਆ ਜਾਵੇਗਾ, ਜਿੱਥੇ ਇਸਦੀ ਸੁੱਕੀ ਪਾਊਡਰ ਰੂਪ ਵਿੱਚ ਪ੍ਰੋਸੈਸਿੰਗ ਹੋਵੇਗੀ ਅਤੇ ਅਸੀਂ ਇਸਦੀ ਸਹੂਲਤ ਪ੍ਰਦਾਨ ਕਰਾਂਗੇ।”
ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਸਾਵਾ ਦੇ ਉਦਯੋਗਿਕ ਮਹੱਤਵ ’ਤੇ ਚਾਨਣ ਪਾਂਦਿਆਂ ਕਿਹਾ, “ਮੱਕੀ ਵਿੱਚ ਲਗਭਗ 58 ਫੀਸਦੀ ਸਟਾਰਚ ਹੁੰਦਾ ਹੈ, ਚੌਲ ਵਿੱਚ 68 ਫੀਸਦੀ ਦੇ ਕਰੀਬ, ਜਦਕਿ ਕਸਾਵਾ ਵਿੱਚ 70 ਤੋਂ 80 ਫੀਸਦੀ ਤੱਕ ਸਟਾਰਚ ਹੁੰਦਾ ਹੈ। ਇਸ ਕਰਕੇ ਇਹ ਪ੍ਰੋਸੈਸਿੰਗ ਉਦਯੋਗ ਲਈ ਬਹੁਤ ਕੀਮਤੀ ਹੈ। ਅਸੀਂ ਇਸ ਦੀ ਖੇਤੀ ਲਈ ਮਿਆਰੀ ਕਾਰਜ-ਵਿਧੀਆਂ ਤਿਆਰ ਕਰ ਲਈਆਂ ਹਨ। ਪਿਛਲੇ ਸਾਲ ਕੀਤੇ ਗਏ ਟ੍ਰਾਇਲ ਲਾਭਕਾਰੀ ਅਤੇ ਹੌਸਲਾਅਫਜ਼ਾਈ ਵਾਲੇ ਸਾਬਤ ਹੋਏ ਹਨ, ਜੇਕਰ ਵਧੀਆ ਖੇਤੀ ਪ੍ਰਥਾਵਾਂ ਦੀ ਪਾਲਣਾ ਕੀਤੀ ਜਾਵੇ।” ਉਨ੍ਹਾਂ ਦੱਸਿਆ ਕਿ ਕਸਾਵਾ ਤੋਂ ਸਾਬੂਦਾਨਾ (ਟੈਪਿਓਕਾ ਮੋਤੀ/ਸੋਗਾ) ਤਿਆਰ ਹੁੰਦਾ ਹੈ, ਜਿਸਦਾ ਵਰਤੋਂ ਪਸ਼ੂ ਚਾਰੇ ਅਤੇ ਹੋਰ ਸਟਾਰਚ ਉਦਯੋਗਾਂ ਵਿੱਚ ਹੁੰਦਾ ਹੈ।” ਉਨ੍ਹਾਂ ਹੋਰ ਦੱਸਿਆ ਕਿ ਅਗੇਤੀ ਖੇਤੀਬਾੜੀ ਸੰਸਥਾਵਾਂ, ਜਿਵੇਂ ਕਿ ਭਾਰਤੀ ਕ੍ਰਿਸ਼ੀ ਅਨੁਸੰਧਾਨ ਪਰਿਸ਼ਦ (ICAR), ਇਸ ਪਹਿਲ ਦਾ ਸਹਿਯੋਗ ਕਰ ਰਹੀਆਂ ਹਨ। ਆਈ. ਸੀ.ਏ.ਆਰ., ਭੁਵਨੇਸ਼ਵਰ (ਉੜੀਸਾ) ਦੇ ਡਾਇਰੈਕਟਰ ਅਤੇ ਕਸਾਵਾ ਵਿਸ਼ੇਸ਼ਗਿਆ ਡਾ. ਐੱਮ. ਨੇਦੁੰਚੇਜ਼ੀਅਨ ਵੀ ਇਸ ਮੌਕੇ ਮੌਜੂਦ ਰਹੇ ਅਤੇ ਕਿਸਾਨਾਂ ਨੂੰ ਤਕਨੀਕੀ ਮਾਰਗਦਰਸ਼ਨ ਦਿੱਤਾ। ਅੰਤ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਿਸਾਨਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ, “ਇਸ ਯਤਨ ਵਿੱਚ ਮੇਰਾ ਸਾਥ ਦਿਓ। ਅਸੀਂ ਮਿਲ ਕੇ ਪਾਣੀ ਬਚਾ ਸਕਦੇ ਹਾਂ, ਵਾਤਾਵਰਣ ਦੀ ਰੱਖਿਆ ਕਰ ਸਕਦੇ ਹਾਂ ਅਤੇ ਕਿਸਾਨਾਂ ਦੀ ਆਮਦਨ ਵਿੱਚ ਮਹੱਤਵਪੂਰਨ ਵਾਧਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਹਰ ਕਦਮ ’ਤੇ ਤੁਹਾਡੇ ਨਾਲ ਖੜਾ ਹਾਂ ਅਤੇ ਪੂਰਾ ਸਹਿਯੋਗ ਦੇਣ ਦੀ ਜ਼ਿੰਮੇਵਾਰੀ ਲੈਂਦਾ ਹਾਂ।”

