ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਏ.ਆਈ. ਬਾਰੇ ਕਰਵਾਈ ਗਈ ਦੋ-ਰੋਜ਼ਾ ਕਾਨਫਰੰਸ ਵਿੱਚ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਖਪਤਕਾਰਾਂ ਦੀ ਥਾਂ ਸਿਰਜਣਹਾਰ ਵਜੋਂ ਤਿਆਰ ਕਰਨ ‘ਤੇ ਜ਼ੋਰ*
ਡੇਟਾ ਗੋਪਨੀਯਤਾ ਤੋਂ ਅਕਾਦਮਿਕ ਤੱਕ: ਬੋਰਡ ਵੱਲੋਂ ਗੂਗਲ, ਇੰਟੇਲ ਅਤੇ ਪੀਟੀਯੂ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਏ.ਆਈ. ਦੀ ਵਰਤੋਂ ‘ਤੇ ਵੱਖ-ਵੱਖ ਸੈਸ਼ਨ ਕਰਵਾਏ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਪ੍ਰੈਲ:


ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਏ.ਆਈ. ਨੂੰ ਸ਼ਾਮਲ ਕਰਨ ਵੱਲ ਫੈਸਲਾਕੁੰਨ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਇੱਥੇ ਸੀ.ਆਈ.ਆਈ. ਦੇ ਨਾਰਦਰਨ ਰੀਜਨ ਦੇ ਹੈੱਡਕੁਆਰਟਰ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ‘ਤੇ ਕਰਵਾਈ ਗਈ ਕੌਮੀ-ਪੱਧਰ ਦੀ ਦੋ-ਰੋਜ਼ਾ ਕਾਨਫਰੰਸ ਅੱਜ ਗੂਗਲ ਅਤੇ ਇੰਟੇਲ ਦੁਆਰਾ ਵਿਹਾਰਕ ਵਰਕਸ਼ਾਪਾਂ ਦੇ ਆਯੋਜਨ ਨਾਲ ਸਮਾਪਤ ਹੋਈ। ਇਸ ਕਾਨਫਰੰਸ ਨੇ ਕਲਾਸਰੂਮਾਂ ਵਿੱਚ ਏਆਈ ਨੂੰ ਸ਼ਾਮਲ ਕਰਨ ਲਈ ਢੁਕਵਾਂ ਰੋਡਮੈਪ, ਜੋ ਸਿੱਖਣ ਦੀ ਗੁਣਵੱਤਾ ‘ਚ ਸੁਧਾਰ, ਪਹੁੰਚ ਨੂੰ ਵਧਾਉਣ ਅਤੇ ਵਿਦਿਆਰਥੀਆਂ ਨੂੰ ਸਿਰਫ਼ ਖਪਤਕਾਰਾਂ ਦੀ ਥਾਂ ਤਕਨਾਲੋਜੀ ਦੇ ਸਿਰਜਣਹਾਰ ਵਜੋਂ ਤਿਆਰ ਕਰਨ ‘ਤੇ ਕੇਂਦ੍ਰਿਤ ਹੋਵੇਗਾ, ਤਿਆਰ ਕਰਨ ਵਾਸਤੇ ਨੀਤੀ ਘਾੜਿਆਂ, ਸਿੱਖਿਅਕਾਂ ਅਤੇ ਤਕਨਾਲੋਜੀ ਮਾਹਿਰਾਂ ਲਈ ਵਿਚਾਰ-ਵਟਾਂਦਰੇ ਵਾਸਤੇ ਇੱਕ ਢੁਕਵਾਂ ਮੰਚ ਪ੍ਰਦਾਨ ਕੀਤਾ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈਏਐਸ (ਸੇਵਾਮੁਕਤ) ਨੇ ਏਆਈ ਦੀ ਨੈਤਿਕ ਵਰਤੋਂ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸਨੂੰ ਸਿਖਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਸਮੱਸਿਆ-ਹੱਲ ਕਰਨ ਦੇ ਹੁਨਰਾਂ ਨੂੰ ਨਿਖਾਰਨ ਵਾਸਤੇ ਵਰਤਿਆ ਜਾ ਸਕਦਾ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਏਆਈ-ਅਧਾਰਤ ਉਪਕਰਨ ਸਾਡੇ ਪੱਕੇ ਸਾਥੀ ਬਣ ਗਏ ਹਨ, ਉੱਥੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਅਜਿਹੇ ਉਪਕਰਨਾਂ ਦੀ ਚੋਣ ਉਸੇ ਤਰ੍ਹਾਂ ਹੀ ਪੂਰੀ ਸੂਝ-ਬੂਝ ਅਤੇ ਪਰਖ ਨਾਲ ਕਰਨ ਜਿਵੇਂ ਅਸੀਂ ਆਪਣੇ ਦੋਸਤਾਂ ਦੀ ਚੋਣ ਕਰਦੇ ਹਾਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਏਆਈ ਦੀ ਵਰਤੋਂ ਪੂਰੀ ਜ਼ਿੰਮੇਵਾਰੀ ਨਾਲ ਅਤੇ ਇੱਕ ਸਪਸ਼ਟ ਕਾਨੂੰਨੀ ਤੇ ਨੈਤਿਕ ਢਾਂਚੇ ਵਿੱਚ ਰਹਿ ਕੇ ਕਰਨ ਲਈ ਉਤਸ਼ਾਹਿਤ ਕੀਤਾ, ਜੋ ਮੁੱਖ ਉਦੇਸ਼ਾਂ ਨਾਲ ਸਮਝੌਤਾ ਕੀਤੇ ਬਿਨਾਂ ਉਨ੍ਹਾਂ ਲਈ ਸਿੱਖਣ ਵਾਸਤੇ ਲਾਹੇਵੰਦ ਸਾਬਤ ਹੋਵੇ। ਗੂਗਲ ਦੀ ਅਗਵਾਈ ਵਾਲੇ ਸੈਸ਼ਨ ਦੌਰਾਨ ਸਿੱਖਿਆ ਵਿੱਚ ਏ.ਆਈ. ਦੀ ਬੇਹੱਦ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ ਗਿਆ, ਜਿਸ ਵਿੱਚ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ-ਨਿਰਮਾਣ ‘ਤੇ ਜ਼ੋਰ ਦਿੱਤਾ ਗਿਆ। ਵਿਚਾਰ-ਵਟਾਂਦਰੇ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਅਧਿਆਪਕਾਂ ਤੋਂ ਲੈ ਕੇ ਪ੍ਰਸ਼ਾਸਕਾਂ ਤੱਕ, ਸਿੱਖਿਆ ਪ੍ਰਣਾਲੀ ਦੇ ਮੁੱਖ ਹਿੱਸੇਦਾਰ ਪਹਿਲਾਂ ਹੀ ਏ.ਆਈ-ਅਧਾਰਤ ਪਹੁੰਚ ਨਾਲ ਜੁੜ ਰਹੇ ਅਤੇ ਇਸਨੂੰ ਅਪਣਾ ਰਹੇ ਹਨ, ਜੋ ਇਸ ਤਬਦੀਲੀ ਵੱਲ ਸਾਡੀ ਮਜ਼ਬੂਤ ਤਿਆਰੀ ਨੂੰ ਦਰਸਾਉਂਦਾ ਹੈ।

