ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਜੂਨ:
ਪੰਜਾਬੀ ਅੱਜ ਹੋਰ ਏ
ਹੁੰਦੀ ਸ਼ੁਰੂਆਤ ਏ ਮੋਬਾਈਲ ਤੋਂ ਕਹਾਣੀ ਦੀ,
ਇਨਸਟਾ ਜਾਂ ਫੇਸਬੁੱਕ ਚੰਦਰੀ ਮਸਾਣੀ ਦੀ।
ਇਨ੍ਹਾਂ ਜਾਲ ‘ਚ ਫਸਾ ਕੇ ਪੈਰ ਢਿੱਲੀ ਪਾਈ ਤੋਰ ਏ,
ਪਹਿਲਾਂ ਜਿਹਾ ਰਿਹਾ ਨਾ ਪੰਜਾਬੀ ਅੱਜ ਹੋਰ ਏ।
ਅੱਗੇ ਵੱਲ ਤੁਰਾਂ ਗੱਲ ਹੋਰ ਨੂੰ ਫਰੋਲਦਾ,
ਗਲ਼ੀਆਂ ‘ਚ ਫਿਰਾਂ ਮੈਂ ਪਨੀਰੀ ਨਵੀਂ ਟੋਹਲ਼ਦਾ।
ਕਈਆਂ ਨੇ ਕੈਨੇਡਾ ਜਾਣਾ ਕਈਆਂ ਕਿਤੇ ਹੋਰ ਏ,
ਪਹਿਲਾਂ ਜਿਹਾ ਰਿਹਾ ਨਾ ਪੰਜਾਬੀ ਅੱਜ ਹੋਰ ਏ।


ਝੂਠੀ ਜਿਹੀ ਟੌਹਰ ਨੇ ਲਿਆਂਦੀਆਂ ਹਨੇਰੀਆਂ,
ਜ਼ਰੂਰਤਾਂ ਵੀ ਲੋੜ ਨਾਲੋਂ ਹੋ ਗਈਆਂ ਬਥੇਰੀਆਂ।
ਕਰਜ਼ੇ ‘ਚ ਬਾਪੂ ਮੱਲੋ-ਜ਼ੋਰੀ ਕਮਜ਼ੋਰ ਏ,
ਪਹਿਲਾਂ ਜਿਹਾ ਰਿਹਾ ਨਾ ਪੰਜਾਬੀ ਅੱਜ ਹੋਰ ਏ।
ਅਸਲੇ ਦਾ ਸ਼ਾਨ ਨਾਲ ਮਿਲਾਪ ਹੋਈ ਜਾਂਦਾ ਏ,
ਸ਼ੌਹਰਤਾਂ ਦਾ ਗੱਡੀਆਂ ਨਾਲ ਮਾਪ ਹੋਈ ਜਾਂਦਾ ਏ।
ਚਿੱਟੇ ਜਿਹੇ ਨਸ਼ੇ ਆਦਿ ਖੌਰੇ ਕੇਹੀ ਲੋਰ ਏ,
ਪਹਿਲਾਂ ਜਿਹਾ ਰਿਹਾ ਨਾ ਪੰਜਾਬੀ ਅੱਜ ਹੋਰ ਏ।
ਸੂਹੇ-ਸੂਹੇ ਰੰਗਾਂ ਜਿਹੇ ਵਾਲ਼ ਵੀ ਰੰਗਾ ਲਏ,
ਮਹਿੰਗੇ-ਮਹਿੰਗੇ ਪਾਟੇ ਜਿਹੇ ਕੱਪੜੇ ਵੀ ਪਾ ਲਏ।
ਸ਼ੇਰ ਜਿਹਾ ਗਵਾ ਕੇ ਰੂਪ ਬਣੀ ਜਾਂਦਾ ਮੋਰ ਏ,
ਪਹਿਲਾਂ ਜਿਹਾ ਰਿਹਾ ਨਾ ਪੰਜਾਬੀ ਅੱਜ ਹੋਰ ਏ।
ਖੇਡਾਂ ਵੱਲ ਕਾਸ ਤੋਂ ਧਿਆਨ ਹੁਣ ਜਾਵੇ ਨਾ,
ਮਹਿਫ਼ਲਾਂ ‘ਚ ਯਾਰਾਂ ਨਾਲ ਢੋਲੇ ਦੀਆਂ ਲਾਵੇ ਨਾ।
ਕਬੱਡੀ ਵੀ ਨਹੀਂ ਚੇਤੇ ਨਾ ਭਾਰ ਚੁੱਕਣੇ ਲਈ ਜ਼ੋਰ ਏ,
ਪਹਿਲਾਂ ਜਿਹਾ ਰਿਹਾ ਨਾ ਪੰਜਾਬੀ ਅੱਜ ਹੋਰ ਏ।
ਪਿੰਡ ਦੀ ਹੀ ਕੁੜੀ ਨਾਲ ਪਿਆਰ ਪਾਈ ਜਾਂਦਾ ਏ,
ਖਾਲਸ ਜਿਹੇ ਰਿਸ਼ਤੇ ਦਾ ਮਿਆਰ ਲਾਈ ਜਾਂਦਾ ਏ।
ਆਪਣਿਆਂ ਨਾਲ ਹੀ ਕਮਾਉਂਦਾ ਪਾਪ ਘੋਰ ਏ,
ਪਹਿਲਾਂ ਜਿਹਾ ਰਿਹਾ ਨਾ ਪੰਜਾਬੀ ਅੱਜ ਹੋਰ ਏ।
ਮਾਪਿਆਂ ਦਾ ਸੋਹਣਾ ਅੱਜ ਲਾਲ ਅਖਵਾਉਂਦਾ ਨਾ,
ਜੱਗ ‘ਤੇ ਪਿਆਰਿਆਂ ਦਾ ਨਾਮ ਚਮਕਾਉਂਦਾ ਨਾ।
ਹੁਣ ਬਹੁਤੇ ਗੱਲੀਂ-ਬਾਤੀਂ ਸਿੰਘ, ਸਣੇ ਕੌਰ ਏ,
ਪਹਿਲਾਂ ਜਿਹਾ ਰਿਹਾ ਨਾ ਪੰਜਾਬੀ ਅੱਜ ਹੋਰ ਏ।
ਤੇਜਿੰਦਰ ਸਿੰਘ ਤੇਜੀ
ਮਾਡਲ ਟਾਊਨ ( ਕੁਰਾਲੀ)
9646024480

