Breaking
www.sursaanjh.com > ਅੰਤਰਰਾਸ਼ਟਰੀ > ਸੰਗੀਤ ਦੀ ਦੁਨੀਆ ਵਿੱਚ ਪੌਣ ਬਣ ਰੁਮਕ ਰਹੀ ਸੁਰੀਲੀ ਆਵਾਜ਼ ਦੀ ਮਲਿਕਾ – ਦੀਆ ਮੋਹਨ

ਸੰਗੀਤ ਦੀ ਦੁਨੀਆ ਵਿੱਚ ਪੌਣ ਬਣ ਰੁਮਕ ਰਹੀ ਸੁਰੀਲੀ ਆਵਾਜ਼ ਦੀ ਮਲਿਕਾ – ਦੀਆ ਮੋਹਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਜੁਲਾਈ:
ਅੱਜ ਦੇ ਦੌਰ ਵਿੱਚ ਜਿੱਥੇ ਲੱਚਰ ਗਾਇਕੀ ਦਾ ਬੋਲਬਾਲਾ ਹੈ, ਉੱਥੇ ਸਾਫ਼ ਸੁਥਰੀ, ਰੂਹਾਨੀਅਤ ਵਾਲ਼ੀ ਤੇ ਮਰਿਆਦਾਪੂਰਨ ਗਾਇਕੀ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਯੁਵਾ ਗਾਇਕਾ ਦੀਆ ਮੋਹਨ, ਸੰਗੀਤ ਜਗਤ ਵਿੱਚ ਆਪਣੀ ਇੱਕ ਵੱਖਰੀ ਅਤੇ ਚਮਕਦੀ ਪਛਾਣ ਬਣਾ ਰਹੀ ਹੈ। ਕੋਇਲ ਵਰਗੀ ਮਿੱਠੀ ਆਵਾਜ਼ ਦੀ ਮਲਿਕਾ ਦੀਆ ਮੋਹਨ ਨੇ ਆਪਣੀ ਮਿਹਨਤ, ਸੰਸਕਾਰਾਂ ਤੇ ਵਿਲੱਖਣ ਪ੍ਰਤਿਭਾ ਦੇ ਦਮ ‘ਤੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰੀਆਂ ਹਨ। ਛੋਟੀ ਉਮਰੇ ਦੀਆ ਮੋਹਨ ਨੇ ਸੰਗੀਤਕ ਸਫ਼ਰ ਵਿੱਚ ਮੁਕਾਮ ਨੂੰ ਛੂਹਿਆ ਹੈ। ਉਹ ਬਚਪਨ ਤੋਂ ਹੀ ਬੇਹੱਦ ਪ੍ਰਤਿਭਾਸ਼ਾਲੀ ਰਹੀ ਹੈ। ਉਸ ਨੇ ਸਕੂਲ ਤੇ ਕਾਲਜ ਪੱਧਰੀ ਮੁਕਾਬਲਿਆਂ ਵਿੱਚ ਆਪਣੀ ਗਾਇਕੀ ਤੇ ਕਲਾ ਦਾ ਲੋਹਾ ਮਨਵਾਉਂਦੇ ਹੋਏ ਕਈ ਇਨਾਮ-ਸਨਮਾਨ ਆਪਣੇ ਨਾਂ ਕੀਤੇ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਪੱਧਰੀ ਕਲਾ ਉਤਸਵ-ਪਹਿਲਾ ਸਥਾਨ, ਜ਼ੋਨ ਪੱਧਰੀ ਕਲਾ ਉਤਸਵ (ਪਟਿਆਲਾ)-ਦੂਜਾ ਸਥਾਨ, ਬਲਾਕ ਪੱਧਰੀ ਭਾਸ਼ਣ ਮੁਕਾਬਲਾ-ਪਹਿਲਾ ਸਥਾਨ, ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ (ਚੰਡੀਗੜ੍ਹ)-ਪਹਿਲਾ ਇਨਾਮ, ਕਾਲਜ ਕਲਰ-ਵਿਸ਼ੇਸ਼ ਸਨਮਾਨ, ਆਰਟਸ ਵਿੱਚ ਗੋਲਡ ਮੈਡਲ, ਓਲੰਪਿਆਡ ਵਿੱਚ ਬ੍ਰੌਂਜ਼ ਮੈਡਲ, ਸਕੂਲ ਸਮੇਂ ਗਾਇਕੀ ਵਿੱਚ ਸਿਲਵਰ ਮੈਡਲ ਅਤੇ 40 ਤੋਂ ਵੱਧ ਹੋਰ ਪ੍ਰਸੰਸਾ ਪੱਤਰ ਆਦਿ ਪ੍ਰਾਪਤ ਕੀਤੇ ਹਨ। ਬਹੁ-ਭਾਸ਼ਾਈ ਗਾਇਕੀ, ਲੇਖਣੀ, ਅਦਾਕਾਰੀ ਅਤੇ ਸ਼ਾਸਤਰੀ ਸੰਗੀਤ ਦੀ ਮਾਹਿਰ ਦੀਆ ਮੋਹਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਸ ਦੀ ਬਹੁ-ਮੁੱਖੀ ਪ੍ਰਤਿਭਾ ਹੀ ਹੈ।
ਬਹੁ-ਭਾਸ਼ਾਈ ਗਾਇਕਾ: ਉਹ ਸਿਰਫ਼ ਪੰਜਾਬੀ ਹੀ ਨਹੀਂ, ਸਗੋਂ ਤਾਮਿਲ, ਗੁਜਰਾਤੀ, ਮਰਾਠੀ, ਨੇਪਾਲੀ, ਅੰਗਰੇਜ਼ੀ, ਹਿੰਦੀ ਤੇ ਹੋਰ ਵੀ ਕਈ ਭਾਸ਼ਾਵਾਂ ਵਿੱਚ ਗੀਤ ਰਿਕਾਰਡ ਕਰਵਾ ਚੁੱਕੀ ਹੈ। ਇਸੇ ਤਰ੍ਹਾਂ ਸਾਜ਼ ਅਤੇ ਸ਼ਾਸਤਰੀ ਸੰਗੀਤ, ਕਲਾਸੀਕਲ (ਸ਼ਾਸਤਰੀ ਸੰਗੀਤ) ਦੀ ਪੂਰੀ ਤਾਲੀਮ ਲੈ ਚੁੱਕੀ ਦੀਆ ਮੋਹਨ ਨੂੰ ਸਿਤਾਰ ਵਜਾਉਣਾ ਬਹੁਤ ਪਸੰਦ ਹੈ। ਉਹ ਲੇਖਣੀ, ਗਾਇਕੀ ਤੇ ਅਦਾਕਾਰੀ ਦਾ ਆਪਣਾ ਪ੍ਰੇਰਨਾ ਸਰੋਤ ਆਪਣੇ ਪਿਤਾ ਨਿਰਮਲ ਮੋਹਨ ਨੂੰ ਮੰਨਦੀ ਹੈ, ਜਿਨ੍ਹਾਂ ਦੀ ਸਾਫ਼-ਸੁਥਰੀ ਤੇ ਸਮਾਜਿਕ ਕਲਮ ਤੋਂ ਪ੍ਰੇਰਿਤ ਹੋ ਕੇ ਹੀ ਉਸ ਲਿਖਣਾ, ਗਾਉਣਾ ਤੇ ਅਦਾਕਾਰੀ ਸ਼ੁਰੂ ਕੀਤੀ। ਉਹ ਹਮੇਸ਼ਾ ਦੇਖਦੀ ਆਈ ਹੈ ਕਿ ਉਸ ਦੇ ਪਿਤਾ ਨੇ ਅਨੇਕਾਂ ਸਮਾਜਿਕ ਗੀਤ, ਕਵਿਤਾਵਾਂ ਤੇ ਸ਼ਾਇਰੀ ਲਿਖੀ, ਜਿਸ ਵਿੱਚ ਹਮੇਸ਼ਾ ਇੱਕ ਨਰੋਈ ਸੋਚ ਝਲਕਦੀ ਹੈ। ਉਹ ਮੰਨਦੀ ਹੈ ਕਿ ਮੇਰੇ ਹਿਰਦੇ ਦੇ ਸਭ ਤੋਂ ਕਰੀਬ, ਮੇਰੇ ਪਿਤਾ ਨਿਰਮਲ ਮੋਹਨ ਦੀਆਂ ਉਹ ਅਮਰ ਰਚਨਾਵਾਂ ਹਨ, ਜਿਨ੍ਹਾਂ ਨੇ ਮੇਰੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੀਆਂ ਸ਼ਾਹਕਾਰ ਕਵਿਤਾਵਾਂ ਤੇ ਰਚਨਾਵਾਂ ‘ਖੂਨ ਦੀ ਹੋਲੀ’, ‘ਚਰਖੇ’, ‘ਉੱਚੇ ਨੀਵੇਂ ਰਸਤੇ’, ‘ਸ਼ਹੀਦ-ਏ-ਆਜ਼ਮ ਭਗਤ ਸਿੰਘ’, ‘ਆਪਣੇ ਅਰਮਾਨ’, ‘ਸੱਤ ਰੰਗ ਦੀ ਪਤੰਗ’, ‘ਤੱਤੀ ਹਵਾ’, ‘ਧਰਤੀ ਦੇ ਪੁੱਤ’, ‘ਇੱਕ ਗਿੱਠ ਜ਼ਮੀਨ’, ‘ਬਾਜਾਂ ਵਾਲੇ ਦੇ ਲਾਲ’, ‘ਦੁੱਗਰੀ ਦਾ ਸ਼ੇਰ ਚਮਕੀਲਾ’, ‘ਸੁਪਨਾ’ ਆਦਿ ਹਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਅਨੇਕਾਂ ਅਨਮੋਲ ਗੀਤ, ਕਵਿਤਾਵਾਂ, ਟੱਪੇ ਤੇ ਬੋਲੀਆਂ ਮਹਿਜ਼ ਲਫ਼ਜ਼ਾਂ ਦਾ ਸੰਗ੍ਰਹਿ ਨਹੀਂ, ਸਗੋਂ ਜਜ਼ਬਾਤਾਂ ਦਾ ਇੱਕ ਅਥਾਹ ਸਮੁੰਦਰ ਹਨ। ਇਹ ਰਚਨਾਵਾਂ ਸਮਾਜ ਦੇ ਡੂੰਘੇ ਦਰਦ, ਇਤਿਹਾਸ ਦੇ ਰਿਸਦੇ ਜ਼ਖ਼ਮਾਂ, ਲੋਕ-ਰੰਗਾਂ ਤੇ ਇਨਸਾਨੀ ਸੰਵੇਦਨਾਵਾਂ ਨੂੰ ਹਿੱਕ ਨਾਲ ਲਗਾ ਕੇ ਸਿਰਜੀਆਂ ਗਈਆਂ ਹਨ। ਉਹ ਦੱਸਦੀ ਹੈ, ‘ਜਦੋਂ ਵੀ ਮੈਂ ਇਹ ਰਚਨਾਵਾਂ ਪੜ੍ਹਦੀ ਹਾਂ, ਤਾਂ ਮੈਨੂੰ ਇਹਨਾਂ ਦੀ ਹਰ ਇੱਕ ਸਤਰ ਵਿੱਚੋਂ ਇੱਕ ਅਣਕਿਹਾ ਦਰਦ, ਇੱਕ ਬੇਮਿਸਾਲ ਤੜਪ ਤੇ ਸਮਾਜ ਨੂੰ ਜਾਗ੍ਰਿਤ ਕਰਨ ਵਾਲਾ ਇੱਕ ਗੂੜ੍ਹ ਸੁਨੇਹਾ ਸਾਫ਼ ਸੁਣਾਈ ਦਿੰਦਾ ਹੈ। ਪਿਤਾ ਜੀ ਦੀ ਕਲਮ ਵਿੱਚ ਉਹ ਰੂਹਾਨੀ ਤਾਕਤ ਹੈ ਜੋ ਪਾਠਕ ਦੇ ਦਿਲ ਵਿੱਚ ਕਰੁਣਾ, ਦੇਸ਼-ਭਗਤੀ ਤੇ ਸੱਚਾਈ ਦੀ ਜੋਤ ਜਗਾ ਦਿੰਦੀ ਹੈ। ਇਹੋ ਕਾਰਨ ਹੈ ਕਿ ਇਹ ਰਚਨਾਵਾਂ ਮੇਰੇ ਦਿਲ ਦੇ ਸਭ ਤੋਂ ਵੱਧ ਕਰੀਬ ਹਨ।
ਦੀਆ ਮੋਹਨ ਇੱਕ ਸੁਰੀਲੀ ਗਾਇਕਾ ਹੋਣ ਦੇ ਨਾਲ-ਨਾਲ ਇੱਕ ਵਧੀਆ ਲੇਖਿਕਾ ਵੀ ਹੈ। ਉਸ ਦੇ ਆਪਣੇ ਲਿਖੇ ਗੀਤ, ਸ਼ਬਦ ਤੇ ਮਾਤਾ ਦੀਆਂ ਭੇਟਾਂ You Tube ‘ਤੇ ਉਪਲਬਧ ਹਨ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਪਿਆਰ ਮਿਲ ਰਿਹਾ ਹੈ। ਉਹ ਕਹਿੰਦੀ ਹੈ, ‘ਪਿਤਾ ਜੀ ਤੋਂ ਬਿਨਾਂ ਮੈਂ ਜ਼ੀਰੋ ਹਾਂ।’ ਦੀਆ ਮੋਹਨ ਆਪਣੀ ਜ਼ਿੰਦਗੀ, ਗਾਇਕੀ ਤੇ ਕਲਾ ਦਾ ਪੂਰਾ ਸਿਹਰਾ ਆਪਣੇ ਗੁਰੂ ਪਿਤਾ ਨਿਰਮਲ ਮੋਹਨ, ਜੋ ਪੰਜਾਬੀ ਗਾਇਕ, ਫ਼ਿਲਮ/ ਨਾਟਕ ਅਦਾਕਾਰ ਤੇ ਪ੍ਰੋਡਿਊਸਰ ਹਨ, ਨੂੰ ਦਿੰਦੀ ਹੈ। ਉਹ ਕਹਿੰਦੀ ਹੈ ਕਿ ਮੇਰੇ ਪਿਤਾ ਨਿਰਮਲ ਮੋਹਨ ਨਾ ਸਿਰਫ਼ ਇੱਕ ਮਹਾਨ ਕਲਾਕਾਰ ਤੇ ਸਿਰਜਣਹਾਰ ਹਨ, ਬਲਕਿ ਸੱਚਾਈ, ਇਮਾਨਦਾਰੀ ਤੇ ਉੱਚੇ-ਸੁੱਚੇ ਇਖ਼ਲਾਕ ਦਾ ਇੱਕ ਅਜਿਹਾ ਮੁਜੱਸਮਾ ਹਨ, ਜਿਨ੍ਹਾਂ ਨੇ ਸੰਗੀਤ ਜਗਤ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੀ ਸ਼ਖ਼ਸੀਅਤ ਇੱਕ ਵਗਦੇ ਹੋਏ ਰੂਹਾਨੀਅਤ ਦੇ ਦਰਿਆ ਵਰਗੀ ਹੈ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਮੇਰੇ ਲਈ ਉਹ ਅਜਿਹੇ  ਮਾਰਗ-ਦਰਸ਼ਕ ਹਨ, ਜਿਨ੍ਹਾਂ ਨੇ ਮੇਰੇ ਹਰ ਸੁਫ਼ਨੇ ਨੂੰ ਖੰਭ ਦਿੱਤੇ, ਆਵਾਜ਼ ਨੂੰ ਤਰਾਸ਼ਿਆ ਤੇ ਮੇਰੇ ਹਰ ਕਦਮ ‘ਤੇ ਪ੍ਰੇਰਨਾ ਸਰੋਤ ਬਣ ਕੇ ਖੜ੍ਹੇ ਰਹੇ। ਉਨ੍ਹਾਂ ਦਾ ਜੀਵਨ ਇੱਕ ਖੁੱਲ੍ਹੀ ਕਿਤਾਬ ਹੈ ਜੋ ਹਰ ਪਲ ਸੱਚਾਈ ਅਤੇ ਸੁੱਚਤਾ ਦਾ ਪਾਠ ਪੜ੍ਹਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮੈਂ ਜੋ ਕੁਝ ਵੀ ਹਾਂ, ਆਪਣੇ ਪਿਤਾ ਦੀ ਬਦੌਲਤ ਹਾਂ। ਮੇਰੀ ਮਿਹਨਤ, ਮੇਰੀਆਂ ਅੱਛਾਈਆਂ ਦਾ ਸਿਹਰਾ ਮੇਰੇ ਪਿਤਾ ਜੀ ਨੂੰ ਹੀ ਜਾਂਦਾ ਹੈ। ਉਨ੍ਹਾਂ ਨੇ ਹੀ ਤਰਾਸ਼ ਕੇ ਮੈਨੂੰ ਇਹ ਵਜੂਦ ਦਿੱਤਾ ਹੈ। ਉਨ੍ਹਾਂ ਪ੍ਰੇਰਨਾ ਸਦਕਾ ਹੀ ਮੈਂ ਗਾਇਕੀ ਦੇ ਖੇਤਰ ਵਿੱਚ ਅੱਗੇ ਵਧ ਰਹੀ ਹਾਂ।’

Leave a Reply

Your email address will not be published. Required fields are marked *